ਸਿੱਖਸ ਆਫ਼ ਅਮੈਰਿਕਾ ਦੇ ਡਾ. ਜਸਦੀਪ ਸਿੰਘ ਜੱਸੀ ਤੇ ਡਾ. ਸਾਜਿਦ ਤਰਾਰ ਨੂੰ ਯੂ. ਏ. ਈ. ’ਚ ਮਿਲਿਆ ‘ਸ਼ਾਹੀ ਸਨਮਾਨ''
Saturday, Feb 21, 2026 - 02:55 AM (IST)
ਵਾਸ਼ਿੰਗਟਨ (ਰਾਜ ਗੋਗਨਾ) : ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਡਾ. ਜਸਦੀਪ ਸਿੰਘ ਜੱਸੀ ਅਤੇ ਮੁਸਲਿਮ ਆਫ਼ ਅਮੈਰਿਕਾ ਦੇ ਚੇਅਰਮੈਨ ਡਾ. ਸਾਜਿਦ ਤਰਾਰ ਇਨ੍ਹੀਂ ਦਿਨੀਂ ਯੂ. ਏ. ਈ. ਦੇ ਦੌਰੇ ’ਤੇ ਹਨ। ਇਸ ਦੌਰਾਨ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡਾ ਮਾਣ ਮਿਲਿਆ ਹੈ ਜਿਸ ਕਾਰਨ ਅਮਰੀਕਾ ਦੇ ਏਸ਼ੀਅਨ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਹੈ। ਦੋਵਾਂ ਆਗੂਆਂ ਨੂੰ ਸ਼ਾਹੀ ਪਰਿਵਾਰ ਦੇ ਸ਼ੇਖ ਅਵਾਦ ਮੁਹੰਮਦ ਬਿਨ ਅਲ ਸ਼ੇਖ ਮਰਗਨ ਅਤੇ ਡਾ. ਬੂ ਅਬਦੁੱਲਾ ਵਲੋਂ ਸੱਦਾ ਪੱਤਰ ਦਿੱਤਾ ਗਿਆ ਅਤੇ ਮਨੁੱਖਤਾ ਦੀ ਭਲਾਈ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਟਰੰਪ ਦਾ ਵੱਡਾ ਬਿਆਨ, 10% ਗਲੋਬਲ ਟੈਰਿਫ ਲਾਉਣ ਦਾ ਕੀਤਾ ਐਲਾਨ

ਇਸ ਦੌਰਾਨ ਡਾ. ਜਸਦੀਪ ਸਿੰਘ ਜੱਸੀ ਅਤੇ ਡਾ. ਸਾਜਿਦ ਤਰਾਰ ਨੂੰ ਅਮਰੀਕਾ ’ਚ ਇੰਟਲੈਕਚੂਅਲ ਡਿਸਏਬਿਲਿਟੀ ਇੰਸਟੀਚਿਊਟ ਚਲਾਉਣ ਬਦਲੇ ਮਾਣ-ਸਨਮਾਨ ਦਿੱਤਾ ਗਿਆ। ਇਸ ਮੌਕੇ ਸ਼ਾਹੀ ਪਰਿਵਾਰ ਦੇ ਸ਼ੇਖ ਅਵਾਦ ਮੁਹੰਮਦ ਬਿਨ ਅਲ ਸ਼ੇਖ ਮਰਗਨ ਤੇ ਡਾ. ਬੂ ਅਬਦੁੱਲਾ ਵਲੋਂ ਡਾ. ਜਸਦੀਪ ਸਿੰਘ ਜੱਸੀ ਅਤੇ ਡਾ. ਸਾਜਿਦ ਤਰਾਰ ਨੂੰ ਅਮਰੀਕਾ ਵਿਚ ਵੀ ਅਜਿਹਾ ਹੀ ਇੰਸਟੀਚਿਊਟ ਖੋਲ੍ਹਣ ਲਈ ਸੁਝਾਅ ਦਿੱਤਾ ਗਿਆ ਅਤੇ ਸਹਿਯੋਗ ਦਾ ਵਾਅਦਾ ਕੀਤਾ ਗਿਆ। ਉਹਨਾਂ ਕਿਹਾ ਕਿ ਦੁਨੀਆ 'ਤੇ ਸ਼ਾਂਤੀ ਦੇ ਪਸਾਰੇ ਲਈ ਮਨੁੱਖਤਾ ਦੀ ਭਲਾਈ ਲਈ ਕਾਰਜ ਅੱਤ ਜ਼ਰੂਰੀ ਹਨ, ਜੋ ਕਿ ਹਮੇਸ਼ਾ ਚੱਲਦੇ ਰਹਿਣੇ ਚਾਹੀਦੇ ਹਨ। ਇਸ ਸਨਮਾਨ ਉਪਰੰਤ ਡਾ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਯੂ. ਏ. ਈ. ਉਹ ਦੇਸ਼ ਹੈ, ਜਿੱਥੋਂ ਕਰੋੜਾਂ ਭਾਰਤੀਆਂ ਨੇ ਗਰਮ ਮੌਸਮ ਦੀ ਪਰਵਾਹ ਨਾ ਕਰਦਿਆਂ ਸਖ਼ਤ ਮਿਹਨਤ ਨਾਲ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਸੁਧਾਰਿਆ ਅਤੇ ਤਰੱਕੀਆਂ ਕੀਤੀਆਂ। ਇਸ ਲਈ ਇਸ ਦੇਸ਼ ਵਿਚ ਸਨਮਾਨਿਤ ਹੋ ਕੇ ਬਹੁਤ ਮਾਣ ਮਹਿਸੂਸ ਹੋਇਆ ਹੈ ਅਤੇ ਉਹ ਸ਼ਾਹੀ ਪਰਿਵਾਰ ਵਲੋਂ ਦਿੱਤੇ ਹੋਏ ਸੁਝਾਅ 'ਤੇ ਵੀ ਵਿਚਾਰ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
