ਲਿਵ-ਇਨ ਪਾਰਟਨਰ ''ਤੇ ਚਾਕੂ ਨਾਲ 12 ਤੋਂ ਵੱਧ ਵਾਰ ਕਰਨ ਵਾਲਾ ਨੌਜਵਾਨ ਮੁਕਾਬਲੇ ''ਚ ਗ੍ਰਿਫ਼ਤਾਰ
Tuesday, Oct 10, 2023 - 03:30 PM (IST)

ਨੋਇਡਾ (ਭਾਸ਼ਾ)- ਲਿਵ-ਇਨ ਪਾਰਟਨਰ 'ਤੇ ਚਾਕੂ ਨਾਲ 12 ਤੋਂ ਵੱਧ ਵਾਰ ਕਰ ਕੇ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਫੇਸ-2 ਥਾਣਾ ਪੁਲਸ ਨੇ ਮੰਗਲਵਾਰ ਨੂੰ ਇਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਪੁਲਸ ਵਲੋਂ ਚਲਾਈ ਗਈ ਗੋਲੀ ਪੈਰ 'ਚ ਲੱਗਣ ਨਾਲ ਬਦਮਾਸ਼ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਹ੍ਰਿਦੇਸ਼ ਕਠੇਰੀਆ ਅਨੁਸਾਰ, ਕਾਨਪੁਰ ਦੀ ਮੂਲ ਵਾਸੀ ਔਰਤ ਕੁਝ ਸਮੇਂ ਪਹਿਲਾਂ ਆਪਣੇ ਪਤੀ ਨੂੰ ਛੱਡ ਕੇ ਨੋਇਡਾ ਆ ਗਈ ਸੀ ਅਤੇ ਸੈਕਟਰ-93 'ਚ ਰਹਿਣ ਲੱਗੀ ਸੀ। ਉਨ੍ਹਾਂ ਦੱਸਿਆ ਕਿ ਔਰਤ ਦੀ ਮੁਲਾਕਾਤ ਟੈਕਸੀ ਡਰਾਈਵਰ ਅਮਰ ਨਾਲ ਹੋਈ, ਜੋ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਰਹਿਣ ਵਾਲਾ ਹੈ।
ਕਠੇਰੀਆ ਅਨੁਸਾਰ, ਉਮਰ 'ਚ ਕਾਫ਼ੀ ਅੰਤਰ ਹੋਣ ਦੇ ਬਾਵਜੂਦ ਦੋਹਾਂ ਵਿਚਾਲੇ ਸੰਬੰਧ ਬਣੇ ਅਤੇ ਉਹ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੇ। ਉਨ੍ਹਾਂ ਦੱਸਿਆ ਕਿ ਟੈਕਸੀ ਡਰਾਈਵਰ ਦੀ ਉਮਰ 24 ਸਾਲ ਹੈ, ਜਦੋਂ ਕਿ ਉਸ ਦੀ ਲਿਵ-ਇਨ ਪਾਰਟਨਰ ਦੀ 19 ਸਾਲ ਦੀ ਇਕ ਧੀ ਅਤੇ 15 ਸਾਲ ਦਾ ਇਕ ਪੁੱਤ ਹੈ। ਕਠੇਰੀਆ ਅਨੁਸਾਰ, ਪੁਲਸ ਨੇ ਮੰਗਲਵਾਰ ਨੂੰ ਇਕ ਮੁਕਾਬਲੇ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਘਟਨਾ 'ਚ ਇਸਤੇਮਾਲ ਚਾਕੂ ਬਰਾਮਦ ਕਰਨ ਲਈ ਪੁਲਸ ਅਮਰ ਨੂੰ ਸੈਕਟਰ-93 ਲੈ ਗਈ, ਜਿੱਥੇ ਦੋਸ਼ੀ ਨੇ ਇਕ ਪੁਲਸ ਕਰਮੀ ਦੀ ਪਿਸਤੌਲ ਖੋਹ ਲਈ ਅਤੇ ਗੋਲੀਬਾਰੀ ਕਰ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਕਠੇਰੀਆ ਅਨੁਸਾਰ, ਪੁਲਸ ਨੇ ਵੀ ਜਵਾਬ 'ਚ ਗੋਲੀ ਚਲਾਈ, ਜੋ ਕਿ ਦੋਸ਼ੀ ਦੇ ਪੈਰ 'ਚ ਲੱਗੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8