ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹਾ, ਬਾਪ ਨੇ ਰੋ-ਰੋ ਸੁਣਾਇਆ ਦੁੱਖੜਾ
Sunday, Jun 14, 2020 - 01:00 PM (IST)
ਹਮੀਰਪੁਰ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਕਾਰਨ ਅਰਥਵਿਵਸਥਾ ਜਿੱਥੇ ਡਾਵਾਂਡੋਲ ਹੋਈ ਹੈ, ਉੱਥੇ ਬੇਰੋਜ਼ਗਾਰੀ ਵੀ ਵਧੀ ਹੈ। ਲੋਕਾਂ ਦੇ ਹੱਥੋਂ ਰੋਜ਼ਗਾਰ ਖੁੱਸ ਗਏ ਹਨ ਅਤੇ ਉਨ੍ਹਾਂ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਤਾਲਾਬੰਦੀ ਵਿਚ ਰੋਜ਼ਗਾਰ ਵੀ ਨਹੀਂ ਮਿਲ ਰਹੇ ਹਨ। ਇਸੇ ਪਰੇਸ਼ਾਨੀ ਕਾਰਨ ਨੌਜਵਾਨ ਖੁਦਕੁਸ਼ੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਵਿਚ ਮੁਸਕਰਾ ਥਾਣਾ ਖੇਤਰ ਦੇ ਗਢਰੌਲੀ ਪਿੰਡ 'ਚ ਸਾਹਮਣੇ ਆਇਆ ਹੈ। ਇੱਥੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਹੋ ਕੇ ਇਕ ਨੌਜਵਾਨ ਨੇ ਦਰੱਖਤ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।
ਪੁਲਸ ਸੂਤਰਾਂ ਮੁਤਾਬਕ ਅਰੁਣ ਵਿਸ਼ਕਰਮਾ (22) ਦੀ ਲਾਸ਼ ਸ਼ਨੀਵਾਰ ਨੂੰ ਖੇਤਰ ਵਿਚ ਲੱਗੇ ਦਰੱਖਤ ਨਾਲ ਲਟਕਦੀ ਮਿਲੀ। ਮ੍ਰਿਤਕ ਦੇ ਪਿਤਾ ਰਾਮਪ੍ਰਕਾਸ਼ ਵਿਸ਼ਕਰਮਾ ਦੇ ਹਵਾਲੇ ਤੋਂ ਉਨ੍ਹਾਂ ਨੇ ਦੱਸਿਆ ਕਿ ਗਰੈਜੂਏਟ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਰੁਣ ਨੌਕਰੀ ਦੀ ਭਾਲ 'ਚ ਸੀ। ਕਈ ਥਾਂ ਫਾਰਮ ਭਰਨ ਤੋਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।
ਓਧਰ ਪੁਲਸ ਨੂੰ ਪਿਤਾ ਰਾਮਪ੍ਰਕਾਸ਼ ਨੇ ਆਪਣਾ ਦੁੱਖੜਾ ਸੁਣਾਉਂਦੇ ਹੋਏ ਕਿਹਾ ਕਿ ਉਸ ਕੋਲ ਕੁੱਲ ਤਿੰਨ ਬੀਘਾ ਖੇਤੀ ਯੋਗ ਜ਼ਮੀਨ ਹੈ, ਜਿਸ ਦੀ ਪੈਦਾਵਾਰ ਨਾਲ ਪੂਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ ਅਤੇ ਉਸ ਨੇ ਬੈਂਕ ਤੋਂ ਡੇਢ ਲੱਖ ਰੁਪਏ ਦਾ ਕਰਜ਼ਾ ਲੈ ਕੇ ਪਿਛਲੇ ਸਾਲ ਆਪਣੀ ਧੀ ਦਾ ਵਿਆਹ ਕੀਤਾ ਸੀ। ਇਹ ਕਰਜ਼ਾ ਵੀ ਅਜੇ ਬਾਕੀ ਹੈ ਅਤੇ ਉਸ ਦਾ ਪੁੱਤਰ ਇਸ ਕਰਜ਼ ਦੀ ਅਦਾਇਗੀ ਲਈ ਵੀ ਪਰੇਸ਼ਾਨ ਰਹਿੰਦਾ ਸੀ। ਹੁਣ ਤਾਂ ਮੇਰਾ ਪੁੱਤ ਵੀ ਚੱਲਾ ਗਿਆ।