ਫ਼ੌਜ ’ਚ ਭਰਤੀ ਹੋਣ ਦਾ ਜਨੂੰਨ, ਨੌਜਵਾਨ ਰਾਜਸਥਾਨ ਤੋਂ 350 ਕਿਲੋਮੀਟਰ ਦੌੜ ਕੇ ਪੁੱਜਾ ਦਿੱਲੀ
Tuesday, Apr 05, 2022 - 04:36 PM (IST)

ਨਵੀਂ ਦਿੱਲੀ- ਫ਼ੌਜ ’ਚ ਭਰਤੀ ਹੋਣ ਦਾ ਨੌਜਵਾਨ ’ਚ ਇੰਨਾ ਜਨੂੰਨ ਕਿ ਉਹ ਰਾਜਸਥਾਨ ਤੋਂ ਦਿੱਲੀ ਕਿਸੇ ਬੱਸ ਜਾਂ ਗੱਡੀ ’ਚ ਨਹੀਂ ਸਗੋਂ ਦੌੜ ਕੇ ਪੁੱਜਾ। ਨੌਜਵਾਨ ਰਾਜਸਥਾਨ ਦੇ ਸੀਕਰ ਦਾ ਰਹਿਣ ਵਾਲਾ ਹੈ। ਉਹ ਦਿੱਲੀ ’ਚ ਇਕ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ 50 ਘੰਟਿਆਂ ’ਚ 350 ਕਿਲੋਮੀਟਰ ਦੌੜ ਕੇ ਪੁੱਜਾ। ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਉਸ ਨੇ ਦੱਸਿਆ ਕਿ ਉਹ 24 ਸਾਲ ਦਾ ਹੈ ਅਤੇ ਰਾਜਸਥਾਨ ਤੋਂ ਆਇਆ ਹੈ।
ਓਧਰ ਕਾਂਗਰਸ ਜਨਰਲ ਸਕੱਰਤ ਪ੍ਰਿਯੰਕਾ ਗਾਂਧੀ ਨੇ ਇਸ ਨੌਜਵਾਨ ਦੇ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਰੀਟਵੀਟ ਕੀਤਾ ਹੈ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ, ‘‘ਨੌਜਵਾਨਾਂ ਦੀ ਮਿਹਨਤ ਦਾ ਸਨਮਾਨ ਕਰਦੇ ਹੋਏ ਫ਼ੌਜ ਭਰਤੀ ਦੀ ਮੰਗ ’ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਰੱਖਿਆ ਮੰਤਰੀ @rajnathsingh ਜੀ ਨੂੰ ਬੇਨਤੀ ਹੈ ਕਿ ਇਸ ਦਿਸ਼ਾ ’ਚ ਛੇਤੀ ਸਕਾਰਾਤਮਕ ਕਦਮ ਚੁੱਕੋ।
युवाओं की मेहनत का सम्मान करते हुए सेना भर्ती की मांग पर ध्यान देना बहुत ज़रूरी है। रक्षा मंत्री श्री @rajnathsingh जी से निवेदन है कि इस दिशा में जल्द सकारात्मक कदम उठाएं। https://t.co/xvAw3iYXgO
— Priyanka Gandhi Vadra (@priyankagandhi) April 5, 2022
ਨੌਜਵਾਨ ਨੇ ਕਿਹਾ ਕਿ ਉਸ ਦਾ ਸੁਫ਼ਨਾ ਭਾਰਤੀ ਫ਼ੌਜ ’ਚ ਸ਼ਾਮਲ ਹੋਣ ਦਾ ਹੈ ਅਤੇ ਉਸ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ। ਨੌਜਵਾਨ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਭਰਤੀ ਨਹੀਂ ਹੋ ਰਹੀ ਹੈ। ਮੈਂ ਦੌੜ ਕੇ ਦਿੱਲੀ ’ਚ ਨੌਜਵਾਨਾਂ ਦਾ ਜੋਸ਼ ਵਧਾਉਣ ਲਈ ਆਇਆ ਹਾਂ। ਨਾਲ ਹੀ ਉਸ ਨੌਜਵਾਨ ਨੇ ਦੱਸਿਆ ਕਿ ਨਾਗੌਰ, ਸੀਕਰ, ਝੁਨਝੁਨੁ ਦੇ ਨੌਜਵਾਨਾਂ ਦੀ ਉਮਰ ਨਿਕਲ ਰਹੀ ਹੈ ਪਰ ਅਜੇ ਤਕ ਫ਼ੌਜ ਦੀ ਭਰਤੀ ਸ਼ੁਰੂ ਨਹੀਂ ਹੋਈ ਹੈ। ਕਈ ਨੌਜਵਾਨ ਭਰਤੀ ਖੁੱਲ੍ਹਣ ਦੀ ਉਡੀਕ ’ਚ ਹਨ।