ਲੋਕ ਸਭਾ ਚੋਣਾਂ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਪਹਿਲੀ ਵਾਰ ਨੌਜਵਾਨ ਵੋਟਰਾਂ ਦੀ ਗਿਣਤੀ ''ਚ ਰਿਕਾਰਡ ਵਾਧਾ
Thursday, Jan 25, 2024 - 03:43 PM (IST)
ਨਵੀਂ ਦਿੱਲੀ- ਭਾਰਤ ਲੋਕਤੰਤਰੀ ਦੇਸ਼ ਹੈ ਅਤੇ ਹਰ ਇਕ ਦੀ ਨਜ਼ਰ ਹੁਣ 2024 ਦੀਆਂ ਲੋਕ ਸਭਾ ਚੋਣਾਂ 'ਤੇ ਟਿਕੀਆਂ ਹਨ। ਜ਼ਿਆਦਾਤਰ ਫੋਕਸ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ 'ਤੇ ਹੋਣਾ ਲਾਜ਼ਮੀ ਹੈ। 18-19 ਸਾਲ ਦੇ ਨੌਜਵਾਨ ਜੋ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰ ਰਹੇ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਿਆਸੀ ਪਾਰਟੀਆਂ ਨੇ ਨੌਜਵਾਨਾਂ ਨੂੰ ਲੁਭਾਉਣ ਦੀ ਯੋਜਨਾ ਵੀ ਤਿਆਰ ਕੀਤੀ ਹੈ। ਭਾਜਪਾ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ 5,000 ਥਾਵਾਂ 'ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵਰਚੁਅਲੀ ਜੁੜਨਗੇ। ਪੱਛਮੀ ਬੰਗਾਲ, ਓਡੀਸ਼ਾ, ਮਹਾਰਾਸ਼ਟਰ, ਕੇਰਲ ਅਤੇ ਤਾਮਿਲਨਾਡੂ ਸਮੇਤ ਕਈ ਸੂਬੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਕਾਸ਼ਿਤ ਹੋਣ ਵਾਲੀਆਂ ਅੰਤਿਮ ਵੋਟਰ ਸੂਚੀਆਂ ਵਿਚ ਨੌਜਵਾਨ ਵੋਟਰਾਂ ਦੀ ਗਿਣਤੀ ਵਿਚ ਵਾਧੇ ਦੀ ਰਿਪੋਰਟ ਕਰ ਰਹੇ ਹਨ।
ਕੇਰਲ ਦੀ ਅੰਤਿਮ ਸੂਚੀ ਦਰਸਾਉਂਦੀ ਹੈ ਕਿ ਅਕਤੂਬਰ 2023 ਦੇ ਮਸੌਦੇ ਵਿਚ ਨੌਜਵਾਨ ਵੋਟਰਾਂ ਦੀ ਗਿਣਤੀ ਸਿਰਫ 77,176 ਤੋਂ ਵਧ ਕੇ ਇਸ ਮਹੀਨੇ ਪ੍ਰਕਾਸ਼ਿਤ ਕੀਤੀ ਗਈ ਅੰਤਿਮ ਸੂਚੀ ਵਿਚ 2.88 ਲੱਖ ਹੋ ਗਈ ਹੈ। ਇਸ ਵਿਚ 1.74 ਲੱਖ ਦਾ ਰਿਕਾਰਡ ਵਾਧਾ ਹੋਇਆ। ਇਸੇ ਤਰ੍ਹਾਂ ਬਿਹਾਰ ਦੇ 7.6 ਕਰੋੜ ਵੋਟਰਾਂ ਦੀ ਅੰਤਿਮ ਸੂਚੀ ਵਿਚ 18-19 ਉਮਰ ਵਰਗ ਦੇ ਨੌਜਵਾਨ ਵੋਟਰਾਂ ਦੀ ਗਿਣਤੀ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ, ਜੋ 1,47,062 ਤੋਂ ਵੱਧ ਕੇ 9,26,422 ਹੋ ਗਿਆ ਹੈ।
ਕਰਨਾਟਕ ਦੇ ਨੌਜਵਾਨ ਵੋਟਰਾਂ (18-19 ਸਾਲ) ਦੀ ਗਿਣਤੀ ਮਸੌਦਾ ਸੂਚੀਆਂ ਵਿਚ 6,45,491 ਤੋਂ ਵੱਧ ਕੇ ਅੰਤਿਮ ਸੂਚੀਆਂ 'ਚ 10,34,018 ਹੋ ਗਈ ਹੈ, ਜਿਸ ਵਿਚ 3,88,527 ਨੌਜਵਾਨ ਵੋਟਰਾਂ ਦਾ ਮਹੱਤਵਪੂਰਨ ਵਾਧਾ ਹੋਇਆ ਹੈ। ਤਾਮਿਲਨਾਡੂ ਦੇ 6.18 ਕਰੋੜ ਵੋਟਰਾਂ ਵਿਚੋਂ 5.26 ਲੱਖ ਵੋਟਰ 18-19 ਸਾਲ ਉਮਰ ਵਰਗ ਦੇ ਹਨ। ਦਿੱਲੀ 'ਚ 1.47 ਲੱਖ ਨੌਜਵਾਨ ਵੋਟਰ ਹਨ, ਜੋ 2023 ਦੇ ਮਸੌਦਾ ਰੋਲ ਤੋਂ 9.69 ਫ਼ੀਸਦੀ ਵੱਧ ਹਨ। ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ 15 ਮਿਲੀਅਨ ਵੋਟਰ ਸਨ ਅਤੇ ਇਸ ਸਾਲ ਗਿਣਤੀ ਵਧਣ ਦੀ ਉਮੀਦ ਹੈ ਕਿਉਂਕਿ ਭਾਰਤੀ ਆਬਾਦੀ ਦੀ ਔਸਤ ਉਮਰ 30 ਤੋਂ ਘੱਟ ਰਹਿੰਦੀ ਹੈ। ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਪਹਿਲੀ ਵਾਰ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਜ਼ੋਰ ਦਿੱਤਾ ਜਾ ਰਿਹਾ ਹੈ।