''ਪੰਜਾਬ ਦੇ ਸ਼ਹਿਰੀ ਵੋਟਰਾਂ ਨੇ ''ਆਮ ਆਦਮੀ ਪਾਰਟੀ'' ਦੇ ਵਿਕਾਸ ਦੇ ਏਜੰਡੇ ’ਤੇ ਲਾਈ ਮੋਹਰ'' : ਅਮਨ ਅਰੋੜਾ
Friday, Jan 10, 2025 - 09:17 PM (IST)
ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ)- ਸ਼ਾਹੀ ਸ਼ਹਿਰ ਪਟਿਆਲਾ ਦੇ ਨਵੇਂ ਚੁਣੇ ਮੇਅਰ ਨੂੰ ਕੁਰਸੀ ’ਤੇ ਬਿਠਾਉਣ ਆਏ 'ਆਮ ਆਦਮੀ ਪਾਰਟੀ' ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ’ਚ ਪੰਜਾਬ ਦੇ ਸ਼ਹਿਰੀ ਵੋਟਰਾਂ ਨੇ 'ਆਮ ਆਦਮੀ ਪਾਰਟੀ' ਦੇ ਵਿਕਾਸ ਦੇ ਏਜੰਡੇ ’ਤੇ ਮੋਹਰ ਲਾਈ ਹੈ। ਇਹੀ ਕਾਰਨ ਹੈ ਕਿ ਜਿਸ ਪਟਿਆਲਾ ਸ਼ਹਿਰ ’ਚ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਰਿਹਾ, ਉਸ ਸ਼ਹਿਰ ਦੇ ਵੋਟਰਾਂ ਨੇ 'ਆਮ ਆਦਮੀ ਪਾਰਟੀ' ਨੂੰ ਬੰਪਰ ਬਹੁਮਤ ਦੇ ਕੇ ਪਾਰਟੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਬਣਾ ਕੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਸੁਪੜਾ ਸਾਫ ਕਰ ਦਿੱਤਾ।
ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੂੰ ਕੁਰਸੀ ’ਤੇ ਬਿਠਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ 55 ਫੀਸਦੀ ਵਾਰਡਾਂ ’ਤੇ 'ਆਮ ਆਦਮੀ ਪਾਰਟੀ' ਨੇ ਜਿੱਤ ਦਰਜ ਕੀਤੀ ਹੈ। ਪਟਿਆਲਾ ਦੇ ਨਵੇਂ ਬਣੇ ਮੇਅਰ ਕੁੰਦਨ ਗੋਗੀਆ ਇਕ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੀ ਕੋਈ ਰਾਜਨੀਤਕ ਬੈਕਗਰਾਊਡ ਨਹੀਂ ਸੀ। ਪਾਰਟੀ ਨੇ ਆਪਣੇ ਟਕਸਾਲੀ ਵਾਲੰਟੀਅਰ ਨੂੰ ਮਾਣ ਦਿੱਤਾ ਹੈ।
ਇਹ ਵੀ ਪੜ੍ਹੋ- ਹੋ ਗਿਆ ਐਲਾਨ ! AAP ਦੇ ਕੁੰਦਨ ਗੋਗੀਆ ਸਰਬਸੰਮਤੀ ਨਾਲ ਬਣੇ ਪਟਿਆਲਾ ਦੇ ਮੇਅਰ
ਉਨ੍ਹਾਂ ਕਿਹਾ ਕਿ ਪਟਿਆਲਾ ’ਚ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ। ਆਉਣ ਵਾਲੇ 2 ਸਾਲਾਂ ’ਚ ਪਟਿਆਲਾ ਸਮੇਤ ਪੰਜਾਬ ਦੇ ਸਮੁੱਚੇ ਸ਼ਹਿਰਾਂ ਦੀ ਕਾਇਆ-ਕਲਪ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਪੰਜਾਬ ਦੇ 8 ਸ਼ਹਿਰਾਂ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ’ਤੇ ਵੀ 'ਆਮ ਆਦਮੀ ਪਾਰਟੀ' ਕਾਬਜ਼ ਹੋ ਗਈ ਹੈ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਟਿਆਲਾ ਦੇ ਇੰਚਾਰਜ ਵਰਿੰਦਰ ਗੋਇਲ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਅਤੇ ਪਾਰਟੀ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ, ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਆਹਲੂਵਾਲੀਆ, ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ, ਅਸ਼ੀਸ਼ ਨਈਅਰ ਅਤੇ ਹੋਰ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e