ਭਾਰਤ ਤੋਂ ਇਜ਼ਰਾਈਲ ਪਹੁੰਚਣ ਵਾਲੇ ਮਜ਼ਦੂਰਾਂ ਦੀ ਗਿਣਤੀ 16,000 ਪਹੁੰਚੀ

Wednesday, Jan 01, 2025 - 04:30 AM (IST)

ਭਾਰਤ ਤੋਂ ਇਜ਼ਰਾਈਲ ਪਹੁੰਚਣ ਵਾਲੇ ਮਜ਼ਦੂਰਾਂ ਦੀ ਗਿਣਤੀ 16,000 ਪਹੁੰਚੀ

ਜਲੰਧਰ - ਇਜ਼ਰਾਈਲ ਅਤੇ ਹਮਾਸ ਵਿਚਾਲੇ ਜਾਰੀ  ਸੰਘਰਸ਼ ਨੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ’ਚ ਨਿਰਮਾਣ ਉਦਯੋਗ ਵੀ ਸ਼ਾਮਲ ਹਨ। ਇਸ ਜੰਗ ਕਾਰਨ ਇਜ਼ਰਾਈਲ ਨੇ ਹਜ਼ਾਰਾਂ ਫਿਲਸਤੀਨੀ ਮਜ਼ਦੂਰਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਅਜਿਹੇ ’ਚ ਭਾਰਤੀ ਨਿਰਮਾਣ ਮਜ਼ਦੂਰਾਂ ਨੇ  ਤੇਜ਼ੀ ਨਾਲ ਇਸ ਕਮੀ ਨੂੰ ਪੂਰਾ ਕਰਨ ’ਚ ਮਦਦ ਕੀਤੀ ਹੈ।  ਪਿਛਲੇ ਇਕ ਸਾਲ ’ਚ ਲੱਗਭਗ 16,000 ਭਾਰਤੀ ਮਜ਼ਦੂਰਾਂ  ਨੇ ਇਜ਼ਰਾਈਲ ’ਚ ਨਿਰਮਾਣ ਸਥਾਨਾਂ ’ਚ ਆਪਣੀ ਜਗ੍ਹਾ ਬਣਾਈ ਹੈ। ਮੱਧ ਇਜ਼ਰਾਈਲ ਦੇ ਬੀਰ ਯਾਕੋਵ ’ਚ ਨਿਰਮਾਣ ਸਾਈਟਾਂ ’ਤੇ ਹੁਣ ਹਿੰਦੀ, ਹਿਬਰੂ ਅਤੇ ਮੰਦਾਰਿਨ ਬੋਲਣ ਵਾਲੇ ਮਜ਼ਦੂਰ  ਹਨ, ਜਿੱਥੇ ਪਹਿਲਾਂ ਅਰਬੀ  ਬੋਲਣ ਵਾਲੇ ਫਿਲਸਤੀਨੀ ਮਜ਼ਦੂਰ ਕੰਮ ਕਰਦੇ ਸਨ। ਇਜ਼ਰਾਈਲ ’ਚ ਭਾਰਤੀ ਮਜ਼ਦੂਰਾਂ  ਲਈ ਜ਼ਿਆਦਾ ਆਮਦਨ ਇਕ ਪ੍ਰਮੁੱਖ ਆਕਰਸ਼ਣ ਹੈ। ਉਥੇ ਕਈ ਮਜ਼ਦੂਰ  ਭਾਰਤ ’ਚ ਮਿਲਣ ਵਾਲੀ ਤਨਖ਼ਾਹ ਨਾਲੋਂ ਤਿੰਨ ਗੁਣਾ ਵਧ ਕਮਾ ਰਹੇ ਹਨ।

ਹੁਨਰਮੰਦ ਕਾਮਿਆਂ ਦੀ ਭਾਰੀ ਮੰਗ
ਦਿੱਲੀ ਸਥਿਤ ਡਾਇਨਾਮਿਕ ਸਟਾਫਿੰਗ ਸਰਵਿਸਿਜ਼ ਦੇ ਪ੍ਰਧਾਨ ਸਮੀਰ ਖੋਸਲਾ ਨੇ ਅਕਤੂਬਰ 2023 ਤੋਂ  3500 ਤੋਂ ਵੱਧ ਭਾਰਤੀ ਮਜ਼ਦੂਰਾਂ ਨੂੰ ਇਜ਼ਰਾਈਲ ਭੇਜਿਆ ਹੈ। ਖੋਸਲਾ ਨੇ ਦੱਸਿਆ ਕਿ ਇਜ਼ਰਾਈਲ ’ਚ ਹੁਨਰਮੰਦ ਕਾਮਿਆਂ ਦੀ ਭਾਰੀ ਮੰਗ ਹੈ ਅਤੇ ਭਾਰਤ ਇਸ ’ਚ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅਨੁਸਾਰ ਇਜ਼ਰਾਈਲ ਲਈ ਭਾਰਤ  ਪਹਿਲੀ ਪਸੰਦ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਹਨ।  

ਦੱਸ ਦੇਈਏ ਕਿ ਇਜ਼ਰਾਈਲ ਸਰਕਾਰ ਦੀ ਯੋਜਨਾ ਹੈ ਕਿ ਉਹ  ਹੋਰ ਭਾਰਤੀ ਮਜ਼ਦੂਰਾਂ ਨੂੰ ਬੁਲਾ ਕੇ ਨਿਰਮਾਣ ਉਦਯੋਗ ’ਚ ਸਥਿਰਤਾ ਲਿਆਏ। ਫਿਲਹਾਲ ਜੰਗ ਤੋਂ ਪਹਿਲਾਂ ਦੇ ਨਿਰਮਾਣ ਪੱਧਰ ਤੱਕ ਪਹੁੰਚਣ ਲਈ ਅਜੇ ਲੰਬਾ ਸਫ਼ਰ ਤੈਅ ਕਰਨਾ ਬਾਕੀ ਹੈ।  ਜੰਗ ਤੋਂ ਪਹਿਲਾਂ ਲੱਗਭਗ 80,000 ਫਿਲਸਤੀਨੀ ਅਤੇ 26,000 ਵਿਦੇਸ਼ੀ ਨਿਰਮਾਣ ਉਦਯੋਗ ’ਚ ਕੰਮ ਕਰਦੇ ਸਨ। ਅੱਜ ਇਹ ਗਿਣਤੀ ਘੱਟ ਕੇ 30,000 ਦੇ ਕਰੀਬ ਰਹਿ ਗਈ ਹੈ।

ਭਵਿੱਖ ’ਚ ਹੋ ਸਕਦੀ ਹੈ ਮਕਾਨਾਂ ਦੀ ਕਮੀ 
ਸੈਂਟਰਲ ਬੈਂਕ ਆਫ਼ ਇਜ਼ਰਾਈਲ  ਅਨੁਸਾਰ ਨਿਰਮਾਣ ਗਤੀਵਿਧੀਆਂ ਜੰਗ ਤੋਂ ਪਹਿਲਾਂ ਦੇ ਪੱਧਰ ਤੋਂ ਲੱਗਭਗ 25 ਫੀਸਦੀ ਘੱਟ ਹਨ। ਇਜ਼ਰਾਈਲ ਦੀ ਆਬਾਦੀ ਹਰ ਸਾਲ 2 ਫੀਸਦੀ ਦੀ ਦਰ ਨਾਲ ਵਧ ਰਹੀ ਹੈ ਅਤੇ ਭਵਿੱਖ ’ਚ ਮਕਾਨਾਂ ਦੀ ਘਾਟ ਦਾ ਕਾਰਨ ਬਣ  ਸਕਦੀ ਹੈ, ਇਸ ਲਈ ਭਾਰਤੀ ਮਜ਼ਦੂਰ ਇਜ਼ਰਾਈਲ ਦੇ ਨਿਰਮਾਣ ਉਦਯੋਗ ’ਚ  ਤੇਜ਼ੀ ਲਿਆਉਣ ’ਚ ਅਹਿਮ   ਸਾਬਿਤ ਹੋ ਰਹੇ ਹਨ। ਉਹ ਨਾ ਸਿਰਫ ਆਪਣੀ ਨਿਰਮਾਣ ਮੁਹਾਰਤ ਲੈ ਕੇ ਆਏ  ਹਨ ਸਗੋਂ ਆਪਣੇ ਸੱਭਿਆਚਾਰ ਨੂੰ ਵੀ ਸਾਂਝਾ ਕਰ ਰਹੇ ਹਨ। 

ਇਜ਼ਰਾਈਲ ਦੇ ਨਿਰਮਾਣ ਉਦਯੋਗ ’ਚ ਭਾਰਤੀ ਕਾਮਿਆਂ ਦਾ ਯੋਗਦਾਨ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ​​ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਵਧਦੀ ਆਬਾਦੀ  ਅਤੇ ਜੰਗ ਦੇ ਪ੍ਰਭਾਵਾਂ ਦੇ ਬਾਵਜੂਦ ਇਨ੍ਹਾਂ ਕਾਮਿਆਂ ਦੀ ਮੌਜੂਦਗੀ ਇਜ਼ਰਾਈਲ ਦੇ ਆਰਥਿਕ ਪੁਨਰ-ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।


author

Inder Prajapati

Content Editor

Related News