ਪ੍ਰੇਮ ਸੰਬੰਧ ਦੇ ਸ਼ੱਕ ''ਚ ਨੌਜਵਾਨ ਨੇ ਵਿਧਵਾ ਮਾਂ ਦਾ ਬੇਰਹਿਮੀ ਨਾਲ ਕੀਤਾ ਕਤਲ
Friday, Aug 12, 2022 - 05:50 PM (IST)
ਗੁਰੂਗ੍ਰਾਮ (ਭਾਸ਼ਾ)- ਇਕ ਨੌਜਵਾਨ (21) ਨੇ ਆਪਣੀ ਵਿਧਵਾ ਮਾਂ ਦਾ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਪ੍ਰਵੇਸ਼ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪਤੀ ਦੀ ਮੌਤ ਤੋਂ ਬਾਅਦ ਸੋਨਾ ਦੇਵੀ (40) ਆਪਣੇ ਪੇਕੇ ਹਿਸਾਰ ਦੇ ਗੜ੍ਹੀ ਵਾਪਸ ਚਲੀ ਗਈ ਅਤੇ ਇਕ ਪ੍ਰਾਈਵੇਟ ਸਕੂਲ ਵਿਚ ਵਾਰਡਨ ਵਜੋਂ ਕੰਮ ਕਰਦੀ ਸੀ। ਹਾਲਾਂਕਿ ਉਸ ਨੇ ਕਰੀਬ 6 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ ਅਤੇ ਉਹ ਉਸੇ ਪਿੰਡ ਵਿਚ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ। ਪੁਲਸ ਮੁਤਾਬਕ ਪ੍ਰਵੇਸ਼ ਸੋਨੀਪਤ ਦੇ ਜਟਵਾੜਾ ਇਲਾਕੇ 'ਚ ਰਹਿੰਦਾ ਸੀ ਅਤੇ ਕਦੇ-ਕਦੇ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ। 6 ਅਗਸਤ ਨੂੰ ਵੀ ਉਹ ਆਪਣੀ ਮਾਂ ਨੂੰ ਮਿਲਣ ਆਇਆ ਸੀ ਅਤੇ ਇਸ ਦੌਰਾਨ ਉਸ ਨੇ ਕਥਿਤ ਤੌਰ 'ਤੇ ਆਪਣੀ ਮਾਂ 'ਤੇ ਕਈ ਵਾਰ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਿਰ ਉਸ ਦਾ ਗਲ਼ਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਮੰਜੇ ਹੇਠ ਛੁਪਾ ਦਿੱਤਾ।
ਚਾਰ ਦਿਨ ਬਾਅਦ ਬੁੱਧਵਾਰ ਨੂੰ ਜਦੋਂ ਕਮਰੇ ਦੇ ਮਾਲਕ ਨੇ ਬਦਬੂ ਦੀ ਸ਼ਿਕਾਇਤ ਕੀਤੀ ਅਤੇ ਪੁਲਸ ਨੂੰ ਬੁਲਾਇਆ ਤਾਂ ਸੋਨਾ ਦੇਵੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ। ਜਾਂਚ ਦੌਰਾਨ ਸੋਨਾ ਦੇਵੀ ਦੇ ਭਰਾ ਪਰਵਿੰਦਰ ਨੇ ਪ੍ਰਵੇਸ਼ 'ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਸੈਕਟਰ 10ਏ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਵੀਰਵਾਰ ਨੂੰ ਰੋਹਤਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਧਿਕਾਰੀ ਅਨੁਸਾਰ ਪ੍ਰਵੇਸ਼ ਨੂੰ ਉਸਦੀ ਮਾਂ 'ਤੇ ਕਿਸੇ ਨਾਲ ਸਬੰਧ ਹੋਣ ਦਾ ਸ਼ੱਕ ਸੀ ਕਿਉਂਕਿ ਉਸ ਨੇ ਉਸਨੂੰ ਕਈ ਵਾਰ ਫ਼ੋਨ 'ਤੇ ਉਸ ਨਾਲ ਗੱਲ ਕਰਦੇ ਦੇਖਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਵੇਸ਼ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 201 (ਸਬੂਤ ਛੁਪਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।