CM ਯੋਗੀ ਦਾ ਵੱਡਾ ਫ਼ੈਸਲਾ, ਕਾਂਵੜ ਯਾਤਰਾ ਮਾਰਗ ਦੀ ਹਰ ਦੁਕਾਨ ''ਤੇ ਲਾਉਣੀ ਹੋਵੇਗੀ ''ਨੇਮ ਪਲੇਟ''
Friday, Jul 19, 2024 - 05:08 PM (IST)

ਲਖਨਊ- 22 ਜੁਲਾਈ ਨੂੰ ਕਾਂਵੜ ਯਾਤਰਾ ਸ਼ੁਰੂ ਹੋ ਜਾਵੇਗੀ। ਕਾਂਵੜ ਯਾਤਰੀ ਹਰੀਦੁਆਰ ਲਈ ਨਿਕਲਣ ਪੈਣਗੇ ਪਰ ਯਾਤਰਾ ਤੋਂ ਪਹਿਲਾਂ ਯੂ. ਪੀ. ਪੁਲਸ ਦੇ ਇਕ ਆਦੇਸ਼ ਤੋਂ ਵਿਵਾਦ ਗਰਮਾ ਗਿਆ ਹੈ। ਦਰਅਸਲ ਯੋਗੀ ਸਰਕਾਰ ਨੇ ਪ੍ਰਦੇਸ਼ 'ਚ ਕਾਂਵੜ ਯਾਤਰਾ ਦੇ ਰਸਤਿਆਂ 'ਤੇ ਖਾਣ-ਪੀਣ ਦੀਆਂ ਦੁਕਾਨਾਂ, ਰੇਹੜੀਆਂ 'ਤੇ ਨੇਮ ਪਲੇਟਾਂ ਲਗਾਉਣੀਆਂ ਲਾਜ਼ਮੀ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਦਫਤਰ ਵਲੋਂ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਕਾਂਵੜ ਸ਼ਰਧਾਲੂਆਂ ਦੀ ਆਸਥਾ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਹਲਾਲ ਸਰਟੀਫਿਕੇਸ਼ਨ ਵਾਲੇ ਉਤਪਾਦ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਮਾਮ ਵਿਵਾਦਾਂ ਦਰਮਿਆਨ ਮੁੱਖ ਮੰਤਰੀ ਯੋਗੀ ਨੇ ਕਾਂਵੜ ਯਾਤਰੀਆਂ ਲਈ ਕਦਮ ਚੁੱਕੇ ਹਨ।
ਕੀ ਬੋਲੇ ਮੰਤਰੀ ਕਪਿਲ ਦੇਵ
ਓਧਰ ਯੂ. ਪੀ. ਸਰਕਾਰ ਦੇ ਮੰਤਰੀ ਕਪਿਲ ਦੇਵ ਅਗਰਵਾਲ ਨੇ ਇਸ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਹਰੀਦੁਆਰ ਤੋਂ ਦੇਸ਼ ਭਰ ਦੇ ਕਾਂਵੜੀਏ ਜਲ ਲੈ ਕੇ ਆਪਣੀ ਮੰਜ਼ਿਲ ਵੱਲ ਜਾਂਦੇ ਹਨ। ਖਾਸ ਕਰ ਕੇ ਉਨ੍ਹਾਂ ਨੂੰ ਮੁਜ਼ੱਫਰਨਗਰ ਵਿਚ ਆਉਣਾ ਪੈਂਦਾ ਹੈ। ਵੇਖਣ 'ਚ ਆਇਆ ਹੈ ਕਿ ਕੁਝ ਲੋਕ ਆਪਣੀਆਂ ਦੁਕਾਨਾਂ, ਢਾਬਿਆਂ, ਰੈਸਟੋਰੈਂਟ ਦੇ ਨਾਂ ਹਿੰਦੂ ਧਰਮ ਦੇ ਨਾਂ 'ਤੇ ਲਿਖਦੇ ਹਨ ਜਦਕਿ ਚਲਾਉਣ ਵਾਲੇ ਉਨ੍ਹਾਂ ਦੇ ਮੁਸਲਿਮ ਲੋਕ ਹੁੰਦੇ ਹਨ। ਉਹ ਮੁਸਲਿਮ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਦਿੱਕਤ ਇੱਥੇ ਆਉਂਦੀ ਹੈ ਕਿ ਉਹ ਆਪਣੀ ਦੁਕਾਨ 'ਤੇ ਨਾਨਵੇਜ਼ ਵੇਚਦੇ ਹਨ। ਮੇਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਸੀ ਕਿ ਅਜਿਹੇ ਢਾਬਿਆਂ 'ਤੇ ਉਨ੍ਹਾਂ ਲੋਕਾਂ ਦੇ ਨਾਂ ਲਿਖੇ ਜਾਣ। ਇਸ ਵਿਚ ਇਤਰਾਜ਼ ਕੀ ਹੈ?
ਪੁਲਸ ਦੇ ਆਦੇਸ਼ ਦਾ ਦਿੱਸਿਆ ਅਸਰ
ਓਧਰ ਪੁਲਸ ਦੀ ਦਲੀਲ ਹੈ ਕਿ ਉਨ੍ਹਾਂ ਦੇ ਇਸ ਆਦੇਸ਼ ਦਾ ਮਕਸਦ ਸ਼ਰਧਾਲੂਆਂ ਦੀ ਸਹੂਲਤ ਅਤੇ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਹੈ। ਯੂ. ਪੀ. ਪੁਲਸ ਦੇ ਇਸ ਆਦੇਸ਼ ਦਾ ਅਸਰ ਵੀ ਦਿੱਸਿਆ। ਮੁਜ਼ੱਫਰਨਗਰ ਦੀ ਦੁਕਾਨ, ਹੋਟਲ ਅਤੇ ਰੇਹੜੀ ਵਾਲਿਆਂ ਨੇ ਆਪਣੇ ਨਾਂ ਦੀ ਪੱਟੀ ਲਾ ਦਿੱਤੀ ਹੈ।