ਯਾਸੀਨ ਮਲਿਕ ਨੇ ਮੁਫ਼ਤੀ ਸਈਦ ਦੀ ਧੀ ਰੂਬੀਆ ਨੂੰ ਕੀਤਾ ਸੀ ਅਗਵਾ
Saturday, Jul 16, 2022 - 11:27 AM (IST)
ਜੰਮੂ (ਭਾਸ਼ਾ/ਉਦੇ)- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਬੇਟੀ ਰੂਬੀਆ ਸਈਦ 1989 ਦੇ ਆਪਣੇ ਅਗਵਾ ਦੇ ਮਾਮਲੇ ’ਚ ਸ਼ੁੱਕਰਵਾਰ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਈ। ਇਸ ਦੌਰਾਨ ਰੂਬੀਆ ਨੇ ਜੇ. ਕੇ. ਐੱਲ. ਐੱਫ. ਦੇ ਮੇਜਰ ਯਾਸੀਨ ਮਲਿਕ ਅਤੇ 3 ਹੋਰ ਅਗਵਾਕਾਰਾਂ ਦੀ ਪਛਾਣ ਕਰ ਲਈ। ਸੀ. ਬੀ. ਆਈ. ਦੇ ਵਕੀਲ ਨੇ ਵੀ 4 ਅਗਵਾਕਾਰਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ। ਰੂਬੀਆ ਸਈਦ ਨੂੰ 27 ਮਈ 2022 ਨੂੰ ਪਹਿਲੀ ਵਾਰ ਅਗਵਾ ਦੇ ਮਾਮਲੇ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੂੰ ਛੱਡਣ ਦੇ ਬਦਲੇ 5 ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਰੂਬੀਆ ਦੇ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਬੀਆ ਨੂੰ 4 ਫੋਟੋਆਂ ਦਿਖਾਈਆਂ ਗਈਆਂ ਅਤੇ ਉਸ ਨੇ ਅਗਵਾਕਾਰਾਂ ਦੀ ਪਛਾਣ ਕਰ ਲਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਹੋਵੇਗੀ। ਪਾਬੰਦੀਸ਼ੁਦਾ ਜੇ. ਕੇ. ਐੱਲ. ਐੱਫ ਦਾ ਮੁਖੀ ਯਾਸੀਨ ਮਲਿਕ ਇਸ ਮਾਮਲੇ ’ਚ ਦੋਸ਼ੀ ਹੈ। ਦੋ ਦਿਨ ਪਹਿਲਾਂ ਯਾਸੀਨ ਮਲਿਕ ਨੇ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਇਸ ਕੇਸ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸਵਾਲ ਤਿਆਰ ਕਰਨ ਲਈ ਸਮਾਂ ਮੰਗਿਆ ਹੈ । ਅਗਲੀ ਸੁਣਵਾਈ ’ਤੇ ਉਸ ਨੂੰ ਜੰਮੂ ਵੀ ਲਿਆਂਦਾ ਜਾ ਸਕਦਾ ਹੈ। ਹਾਲਾਂਕ ਸੁਰੱਖਿਆ ਦੇ ਮੱਦੇਨਜ਼ਰ ਵਰਚੁਅਲ ਮੋਡ ਰਾਹੀਂ ਪੇਸ਼ੀ ਅਤੇ ਸਵਾਲ-ਜਵਾਬ ਵੀ ਹੋ ਸਕਦੇ ਹਨ।
ਜਾਣੋ ਪੂਰਾ ਮਾਮਲਾ
ਇਹ ਮਾਮਲਾ ਟਾਡਾ ਅਦਾਲਤ ਵਿਚ ਹੈ। ਅਦਾਲਤ ਨੇ ਕਿਹਾ ਕਿ ਡਾ. ਰੂਬੀਆ ਸਈਦ ਨੂੰ ਦਸੰਬਰ 1989 ਵਿਚ ਯਾਸੀਨ ਮਲਿਕ ਅਤੇ ਹੋਰ ਮੁਲਜ਼ਮਾਂ ਨੇ ਅਪਰਾਧਕ ਸਾਜ਼ਿਸ਼ ਤਹਿਤ ਅਗਵਾ ਕੀਤਾ ਸੀ। ਉਦੋਂ ਉਹ ਸ਼੍ਰੀਨਗਰ ਦੇ ਇਕ ਹਸਪਤਾਲ ਤੋਂ ਵਾਪਸ ਆ ਰਹੀ ਸੀ। 8 ਦਸੰਬਰ 1989 ਨੂੰ ਮੁਹੰਮਦ ਰਫੀਕ ਡਾਰ, ਅਲੀ ਮੁਹੰਮਦ ਮੀਰ, ਇਕਬਾਲ ਅਹਿਮਦ ਗੰਦਰੂ, ਮੁਸ਼ਤਾਕ ਅਹਿਮਦ ਲੋਨ ਉਰਫ ਨਲਕਾ, ਨਾਨਾਜੀ ਉਰਫ ਸਲੀਮ, ਰਿਆਜ਼ ਅਹਿਮਦ ਭੱਟ, ਖੁਰਸ਼ੀਦ ਅਹਿਮਦ ਡਾਰ, ਬਸ਼ਾਰਤ ਰਹਿਮਾਨ, ਤਾਰਿਕ ਅਸ਼ਰਫ, ਸ਼ਫਕਤ ਅਹਿਮਦ ਸਾਰੇ ਮੁਸ਼ਤਾਕ ਅਹਿਮਦ ਦੇ ਘਰ ਇਕੱਠੇ ਹੋਏ ਅਤੇ ਡਾ. ਰੂਬੀਆ ਸਈਦ ਨੂੰ ਅਗਵਾ ਕਰਨ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। 13 ਦਸੰਬਰ 1989 ਨੂੰ ਵੱਖ-ਵੱਖ ਜੇਲ੍ਹਾਂ 'ਚੋਂ 5 ਅੱਤਵਾਦੀਆਂ ਨੂੰ ਰਿਹਾਅ ਕਰਨ ਪਿਛੋਂ ਅੱਤਵਾਦੀਆਂ ਨੇ ਰੂਬੀਆ ਨੂੰ ਰਿਹਾਅ ਕਰ ਦਿੱਤਾ ਸੀ।