ਦੁਨੀਆ ਭਰ ’ਚ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ ਚਾਹ, ਸਾਫਟ ਡ੍ਰਿੰਕ ਨੂੰ ਛੱਡਿਆ ਪਿੱਛੇ
Friday, May 22, 2026 - 11:22 AM (IST)
ਵੈੱਬ ਡੈਸਕ- ਅੱਜ ਦੀ ਨੌਜਵਾਨ ਪੀੜ੍ਹੀ ਸਾਫਟ ਡ੍ਰਿੰਕ ਅਤੇ ਪੈਕੇਟ ਬੰਦ ਜੂਸ ਦੀ ਜਗ੍ਹਾ ਚਾਹ ਨੂੰ ਜ਼ਿਆਦਾ ਪਸੰਦ ਕਰ ਰਹੀ ਹੈ। ਹਾਂਗਕਾਂਗ ਦੀ ਲਿੰਗਨਾਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਨਵੇਂ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਨਿਯਮਿਤ (ਰੋਜ਼ਾਨਾ) ਰੂਪ ’ਚ ਚਾਹ ਪੀਣਾ ਪਸੰਦ ਕਰਦੇ ਹਨ। ਪਿਛਲੇ ਸਾਲ ਮਾਰਚ ਤੋਂ ਜੁਲਾਈ ਦੇ ਵਿਚਕਾਰ ਹਜ਼ਾਰਾਂ ਨੌਜਵਾਨਾਂ ’ਤੇ ਕੀਤੇ ਗਏ ਸਰਵੇਖਣ ਵਿਚ ਪਾਇਆ ਗਿਆ ਕਿ 76.2 ਫੀਸਦੀ ਨੌਜਵਾਨ ਨਿਯਮਿਤ ਰੂਪ ਵਿਚ ਚਾਹ ਦਾ ਸੇਵਨ ਕਰਦੇ ਹਨ। ਇਨ੍ਹਾਂ ’ਚੋਂ 25.4 ਫੀਸਦੀ ਮਹੀਨੇ ਵਿਚ 11 ਵਾਰ ਜਾਂ ਉਸ ਤੋਂ ਵੱਧ ਵਾਰ ਚਾਹ ਪੀਂਦੇ ਹਨ। ਇਹ ਅੰਕੜਾ ਸਾਫਟ ਡ੍ਰਿੰਕ (14 ਫੀਸਦੀ), ਬਬਲ ਟੀ (10.8 ਫੀਸਦੀ) ਅਤੇ ਜੂਸ ਨਾਲੋਂ ਕਿਤੇ ਜ਼ਿਆਦਾ ਹੈ।
ਭਾਰਤ ਵਿਚ ਵੀ ਚਾਹ ਸਭ ਤੋਂ ਪਸੰਦੀਦਾ ਪੀਣ ਵਾਲਾ ਪਦਾਰਥ
ਅਧਿਐਨ ਵਿਚ ਇਕ ਚਿੰਤਾਜਨਕ ਤੱਥ ਵੀ ਸਾਹਮਣੇ ਆਇਆ ਹੈ। ਲਗਭਗ 49 ਫੀਸਦੀ ਨੌਜਵਾਨ ਰਵਾਇਤੀ ਚਾਹ ਅਤੇ ਆਧੁਨਿਕ ਫਲੇਵਰਡ ਚਾਹ ਵਿਚਕਾਰ ਅੰਤਰ ਨਹੀਂ ਸਮਝ ਪਾਉਂਦੇ। ਉਥੇ ਹੀ ਲਗਭਗ ਇਕ-ਤਿਹਾਈ ਨੌਜਵਾਨਾਂ ਨੂੰ ਚਾਹ ਦੇ ਸਿਹਤ ਲਾਭਾਂ ਬਾਰੇ ਜਾਣਕਾਰੀ ਹੀ ਨਹੀਂ ਹੈ। ਭਾਰਤ ਵਿਚ ਵੀ ਚਾਹ ਦੀ ਪ੍ਰਸਿੱਧੀ ਲਗਾਤਾਰ ਬਣੀ ਹੋਈ ਹੈ। ਅੰਕੜਿਆਂ ਅਨੁਸਾਰ ਦੇਸ਼ ਦੇ ਲਗਭਗ 69 ਤੋਂ 72 ਫੀਸਦੀ ਲੋਕ ਨਿਯਮਿਤ ਰੂਪ ਵਿਚ ਚਾਹ ਪੀਂਦੇ ਹਨ। ਭਾਰਤੀ ਬੇਵਰੇਜ ਮਾਰਕੀਟ ਵਿਚ 69 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਚਾਹ ਹੈ। ਔਸਤਨ 45 ਫੀਸਦੀ ਭਾਰਤੀ ਦਿਨ ’ਚ 3 ਜਾਂ ਉਸ ਤੋਂ ਵੱਧ ਵਾਰ ਚਾਹ ਜਾਂ ਕਾਫੀ ਦਾ ਸੇਵਨ ਕਰਦੇ ਹਨ।
4700 ਸਾਲ ਪੁਰਾਣੀ ਹੈ ਚਾਹ ਦੀ ਕਹਾਣੀ
ਚਾਹ ਦਾ ਇਤਿਹਾਸ ਕਰੀਬ 4700 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਚੀਨੀ ਸਮਰਾਟ ‘ਸ਼ੇਨ ਨੁੰਗ’ ਦੇ ਸਮੇਂ ਇਕ ਰੁੱਖ ਦੀਆਂ ਪੱਤੀਆਂ ਗਰਮ ਪਾਣੀ ’ਚ ਡਿੱਗ ਗਈਆਂ ਸਨ, ਜਿਸ ਨਾਲ ਇਕ ਸੁਗੰਧਿਤ ਪੀਣ ਵਾਲਾ ਪਦਾਰਥ ਤਿਆਰ ਹੋਇਆ। ਬਾਅਦ ਵਿਚ ਇਹ ਨੂੰ ਚਾਹ ਦੇ ਰੂਪ ਵਿਚ ਪ੍ਰਸਿੱਧ ਹੋ ਗਿਆ। ਸ਼ੁਰੂਆਤ ਵਿਚ ਇਸ ਦੀ ਵਰਤੋਂ ਦਵਾਈ ਵਜੋਂ ਕੀਤੀ ਜਾਂਦੀ ਸੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਚਾਹ ਉਤਪਾਦਕ ਦੇਸ਼ ਹੈ। ਖਾਸ ਗੱਲ ਇਹ ਹੈ ਕਿ ਦੇਸ਼ ਵਿਚ ਹੋਣ ਵਾਲੀ ਕੁੱਲ ਚਾਹ ਦੀ ਪੈਦਾਵਾਰ ਦਾ ਕਰੀਬ 80 ਫੀਸਦੀ ਹਿੱਸਾ ਭਾਰਤੀ ਖੁਦ ਹੀ ਵਰਤ ਲੈਂਦੇ ਹਨ।
ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਚੀਨ ਵਿਚ
ਦੁਨੀਆ ਦੀ ਸਭ ਤੋਂ ਮਹਿੰਗੀ ਚਾਹ ਚੀਨ ਵਿਚ ਪਾਈ ਜਾਂਦੀ ਹੈ, ਜਿਸ ਨੂੰ ‘ਡਾ ਹੋਂਗ ਪਾਓ’ ਕਿਹਾ ਜਾਂਦਾ ਹੈ। ਇਸ ਦੀ ਕੀਮਤ ਕਰੀਬ 9 ਕਰੋੜ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਚੁੱਕੀ ਹੈ। ਇਕ ਗ੍ਰਾਮ ਚਾਹ ਦੀ ਕੀਮਤ ਲਗਭਗ 1.5 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਖਾਸ ਚਾਹ ਨਿਲਾਮੀ ਵਿਚ ਵੇਚੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
