ਲੱਕੜ 'ਤੇ ਨੱਕਾਸ਼ੀ ਕਰਨ ਵਾਲੇ ਸ਼੍ਰੀਨਗਰ ਦੇ ਇਸ ਕਲਾਕਾਰ ਨੂੰ ਮਿਲਿਆ ਪਦਮਸ਼੍ਰੀ

Saturday, Jan 27, 2024 - 12:40 PM (IST)

ਸ਼੍ਰੀਨਗਰ (ਭਾਸ਼ਾ)- ਇਸ ਸਾਲ ਪਦਮ ਸਨਮਾਨ ਪਾਉਣ ਵਾਲੇ ਲੋਕਾਂ ਦੀ ਸੂਚੀ 'ਚ ਸ਼੍ਰੀਨਗਰ ਦੇ 72 ਸਾਲਾ ਸ਼ਿਲਪਕਾਰ ਗੁਲਾਮ ਨਬੀ ਡਾਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਲੱਕੜ 'ਤੇ ਨੱਕਾਸ਼ੀ 'ਚ ਯੋਗਦਾਨ ਕਾਰਨ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਗੁਲਾਮ ਨਬੀ ਡਾਰ ਦਾ ਮੰਨਣਾ ਹੈ ਕਿ ਰਵਾਇਤੀ ਕਲਾਵਾਂ ਨੂੰ ਸੰਭਾਲਣ ਲਈ ਸਰਕਾਰੀ ਮਾਨਤਾ ਅਤੇ ਮਦਦ ਬਹੁਤ ਮਹੱਤਵਪੂਰਨ ਹੈ। 6 ਦਹਾਕਿਆਂ ਤੋਂ ਵੱਧ ਸਮੇਂ ਤੱਕ ਆਪਣੀ ਕਲਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਉਨ੍ਹਾਂ ਨੂੰ ਕਈ ਵਾਰ ਸਨਮਾਨ ਮਿਲਿਆ ਅਤੇ 75ਵੇਂ ਗਣਤੰਤਰ ਦਿਵਸ ਤੋਂ ਇਸ ਦਿਨ ਪਹਿਲਾਂ ਉਨ੍ਹਾਂ ਨੂੰ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਕਈ ਲੋਕਾਂ ਦਾ ਮੰਨਣਾ ਹੈ ਕਿ ਡਾਰ ਨੂੰ ਸਨਮਾਨ ਦੇਣ ਨਾਲ ਕਸ਼ਮੀਰ ਦੀ ਇਸ ਕਲਾ ਦੇ ਮੁੜ ਸੁਰਜੀਤ ਨੂੰ ਉਤਸ਼ਾਹ ਮਿਲੇਗਾ ਅਤੇ ਸਮੇਂ ਦੀ ਕਸੌਟੀ 'ਤੇ ਖਰੀ ਉਤਰੀਆਂ ਰਵਾਇਤੀ ਕਲਾਵਾਂ ਕਾਇਮ ਰਹਣਗੀਆਂ। ਡਾਰ ਨੇ ਸ਼ੁੱਕਰਵਾਰ ਨੂੰ ਦਿੱਤੇ ਇਕ ਇੰਟਰਵਿਊ 'ਚ ਆਪਣੀ ਕਠਿਨ ਯਾਤਰਾ ਦਾ ਜ਼ਿਕਰ ਕੀਤਾ। ਪ੍ਰਤੀਕੂਲ ਸਥਿਤੀਆਂ 'ਚ ਪੈਦਾ ਹੋਏ ਡਾਰ ਘੱਟ ਉਮਰ 'ਚ ਹੀ ਲੱਕੜ ਦੀ ਨੱਕਾਸ਼ੀ ਕਲਾ ਤੋਂ ਜਾਣੂ ਹੋ ਗਏ ਸਨ। ਸ਼ੁਰੂ 'ਚ ਕਈ ਕਾਰੀਗਰਾਂ ਨੇ ਉਨ੍ਹਾਂ ਨੂੰ ਇਹ ਹੁਨਰ ਸਿਖਾਉਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੀ ਦ੍ਰਿੜਤਾ ਉਨ੍ਹਾਂ ਨੂੰ ਗੁਰੂ ਨੂਰੂਦੀਨ ਟੀਕੂ ਕੋਲ ਲੈ ਗਈ, ਜਿਨ੍ਹਾਂ ਨੇ ਕਾਗਜ਼ 'ਤੇ ਜਟਿਲ ਡਿਜ਼ਾਈਨਾਂ ਦੇ ਮਾਧਿਅਮ ਨਾਲ ਗਿਆਨ ਪ੍ਰਦਾਨ ਕੀਤਾ।

PunjabKesari

ਉਨ੍ਹਾਂ ਕਿਹਾ,''ਮੈਂ ਜਦੋਂ 10 ਸਾਲ ਦਾ ਸੀ, ਉਦੋਂ ਮੇਰੇ ਪਿਤਾ ਨੂੰ ਆਪਣੇ ਕਾਰੋਬਾਰ 'ਚ ਘਾਟਾ ਹੋਇਆ ਅਤੇ ਉਹ ਟੁੱਟ ਗਏ। ਉਹ ਫ਼ੀਸ ਨਹੀਂ ਭਰ ਸਕੇ, ਇਸ ਲਈ ਮੈਨੂੰ ਸਕੂਲ ਤੋਂ ਕੱਢ ਦਿੱਤਾ ਗਿਆ। ਮੇਰੇ ਮਾਮਾ ਮੈਨੂੰ ਅਤੇ ਮੇਰੇ ਛੋਟੇ ਭਰਾ ਨੂੰ ਸਰਾਏ ਸਫਾਕਦਲ 'ਚ ਲੱਕੜ 'ਤੇ ਨੱਕਾਸ਼ੀ ਇਕਾਈ 'ਚ ਲੈ ਗਏ ਤਾਂ ਕਿ ਅਸੀਂ ਸ਼ਿਲਪਕਾਰੀ ਸਿਖ ਸਕੀਏ।'' ਪੁਰਾਣੇ ਸ਼੍ਰੀਨਗਰ ਸ਼ਹਿਰ ਦੇ ਸੇਕਿਦਾਫਰ ਇਲਾਕੇ 'ਚ ਰਹਿਣ ਵਾਲੇ ਡਾਰ ਨੇ ਕਿਹਾ ਕਿ ਲੱਕੜ 'ਤੇ ਨੱਕਾਸ਼ੀ ਇਕਾਈ 'ਚ 5 ਸਾਲ ਰਹਿਣ ਦੌਰਾਨ ਉਨ੍ਹਾਂ ਨੇ ਬਹੁਤ ਕੁਝ ਨਹੀਂ ਸਿੱਖਿਆ ਪਰ ਇਸ ਕਲਾ ਦੇ ਪ੍ਰਤੀ ਉਨ੍ਹਾਂ ਦੀ ਰੁਚੀ ਪੈਦਾ ਹੋਈ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੀ ਰੋਜ਼ੀ-ਰੋਟੀ ਲਈ ਇਸ ਨੂੰ ਸਿੱਖਣਗੇ। ਮੈਂ ਕਈ ਸ਼ਿਲਪਕਾਰਾਂ ਕੋਲ ਗਿਆ ਪਰ ਉਨ੍ਹਾਂ ਨੇ ਮੈਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਮੈਂ ਨਹੀਂ ਸਿੱਖ ਸਕਾਂਗਾ ਪਰ ਮੈਂ ਦ੍ਰਿੜ ਸੀ ਅਤੇ ਸਖ਼ਤ ਮਿਹਨਤ ਕੀਤੀ ਅਤੇ ਮੈਂ ਇਸ ਲਈ ਅੱਲਾਹ ਦਾ ਸ਼ੁਕਰਗੁਜ਼ਾਰ ਹਾਂ।'' ਡਾਰ ਨੇ ਕਿਹਾ,''ਟੀਕੂ ਦਾ ਸੱਜਾ ਹੱਥ ਅਧਰੰਗ ਹੋ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਮੇਰੀ ਕਹਾਣੀ ਸੁਣੀ ਤਾਂ ਕਿਹਾ ਕਿ ਉਹ ਮੈਨੂੰ ਕਾਗਜ਼ 'ਤੇ ਬਣੇ ਡਿਜ਼ਾਈਨ ਦੇ ਮਾਧਿਅਮ ਨਾਲ ਇਹ ਕਲਾ ਸਿਖਾਉਣਗੇ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਇਹ ਕਲਾ ਸਿਖਾਈ।'' ਬਾਅਦ 'ਚ ਉਨ੍ਹਾਂ ਦੀ ਕਲਾ ਨੂੰ ਪਛਾਣ ਮਿਲੀ ਅਤੇ ਉਨ੍ਹਾਂ ਨੂੰ 1984 'ਚ ਰਾਜ ਦਾ ਇਕ ਪੁਰਸਕਾਰ ਮਿਲਿਆ ਅਤੇ ਬਾਅਦ 'ਚ 1990 ਦੇ ਦਹਾਕੇ 'ਚ ਉਨ੍ਹਾਂ ਨੂੰ ਬਗਦਾਦ 'ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ 1995-96 'ਚ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਤ ਗਿਆ। ਪਦਮਸ਼੍ਰੀ ਸਨਮਾਨ ਮਿਲਣ 'ਤੇ ਡਾਰ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ,''ਮੈਂ ਬਹੁਤ ਖੁਸ਼ ਹਾਂ, ਮੇਰਾ ਪਰਿਵਾਰ ਵੀ ਬਹੁਤ ਖੁਸ਼ ਹੈ, ਜਦੋਂ ਕਿਸੇ ਸ਼ਿਲਪਕਾਰ ਨੂੰ ਕੋਈ ਪੁਰਸਕਾਰ ਮਿਲਦਾ ਹੈ ਤਾਂ ਉਸ ਨੂੰ ਉਤਸ਼ਾਹ ਮਿਲਦਾ ਹੈ। ਉਹ ਉਸ ਖੇਤਰ 'ਚ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਸਰਕਾਰ ਕਾਰੀਗਰਾਂ ਨੂੰ ਉਤਸ਼ਾਹਤ ਨਹੀਂ ਕਰਦੀ ਹੈ ਤਾਂ ਉਨ੍ਹਾਂ ਦੀ ਰੁਚੀ ਘੱਟ ਹੋ ਜਾਂਦੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News