ਮਹਿਲਾ ਵੋਟ ਫ਼ੀਸਦੀ ਵਧਣ ਦੇ ਬਾਵਜੂਦ ਬਿਹਾਰ ਵਿਧਾਨ ਸਭਾ ’ਚ ਔਰਤਾਂ ਦੀ ਘੱਟ ਰਹੀ ਹੈ ਨੁਮਾਇੰਦਗੀ

Tuesday, Oct 28, 2025 - 07:24 AM (IST)

ਮਹਿਲਾ ਵੋਟ ਫ਼ੀਸਦੀ ਵਧਣ ਦੇ ਬਾਵਜੂਦ ਬਿਹਾਰ ਵਿਧਾਨ ਸਭਾ ’ਚ ਔਰਤਾਂ ਦੀ ਘੱਟ ਰਹੀ ਹੈ ਨੁਮਾਇੰਦਗੀ

ਪਟਨਾ (ਇੰਟ.) – ਭਾਵੇਂ ਬਿਹਾਰ ਚੋਣਾਂ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਵੋਟ ਫ਼ੀਸਦੀ ਵੱਧ ਰਿਹਾ ਹੈ ਪਰ ਇਸ ਦੇ ਬਾਵਜੂਦ ਪਿਛਲੀਆਂ 5 ਵਿਧਾਨ ਸਭਾ ਚੋਣਾਂ ’ਚ ਔਰਤਾਂ ਦੀ ਨੁਮਾਇੰਦਗੀ ਘੱਟ ਰਹੀ ਹੈ। ਬਿਹਾਰ ਨਾਲੋਂ ਝਾਰਖੰਡ ਦੇ ਵੱਖ ਹੋਣ ਤੋਂ ਬਾਅਦ ਫਰਵਰੀ 2005 ’ਚ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ’ਚ 234 ਔਰਤਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿਚੋਂ 24 ਹੀ ਵਿਧਾਨ ਸਭਾ ਵਿਚ ਪਹੁੰਚ ਸਕੀਆਂ ਸਨ। ਸੂਬੇ ਵਿਚ ਇਸ ਤੋਂ ਕੁਝ ਮਹੀਨੇ ਬਾਅਦ ਅਕਤੂਬਰ ’ਚ ਚੋਣਾਂ ਹੋਈਆਂ ਪਰ ਉਨ੍ਹਾਂ ਵਿਚ ਵੀ ਸਿਰਫ 138 ਔਰਤਾਂ ਹੀ ਮੈਦਾਨ ਵਿਚ ਸਨ। ਉਨ੍ਹਾਂ ਚੋਣਾਂ ਵਿਚ 25 ਔਰਤਾਂ ਵਿਧਾਨ ਸਭਾ ’ਚ ਪਹੁੰਚ ਸਕੀਆਂ ਸਨ।

ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

2010 ’ਚ ਸਦਨ ਵਿਚ ਪਹੁੰਚੀਆਂ ਸਨ 34 ਔਰਤਾਂ
ਰਿਪੋਰਟ ਮੁਤਾਬਕ 2010 ’ਚ ਸਦਨ ਵਿਚ ਔਰਤਾਂ ਦੀ ਗਿਣਤੀ ਵਧ ਕੇ 34 ਹੋ ਗਈ। ਇਨ੍ਹਾਂ ਚੋਣਾਂ ਵਿਚ 307 ਔਰਤਾਂ ਨੇ ਚੋਣ ਲੜੀ ਸੀ। ਇਨ੍ਹਾਂ ਵਿਚੋਂ 22 ਜਨਤਾ ਦਲ (ਯੂ) ਦੀਆਂ ਵਿਧਾਇਕ ਸਨ, ਜਦੋਂਕਿ 11 ਭਾਜਪਾ ’ਚੋਂ ਸਨ। ਵਿਧਾਨ ਸਭਾ ’ਚ ਇਕ ਆਜ਼ਾਦ ਮਹਿਲਾ ਵਿਧਾਇਕ ਵੀ ਸੀ। ਇਸ ਤੋਂ 5 ਸਾਲ ਬਾਅਦ 2015 ’ਚ ਸੂਬੇ ਵਿਚ ਵਿਧਾਨ ਸਭਾ ਚੋਣ ਲੜਨ ਅਤੇ ਜਿੱਤਣ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਕਮੀ ਵੇਖੀ ਗਈ। 273 ਔਰਤਾਂ ਚੋਣ ਮੈਦਾਨ ਵਿਚ ਦਾਖਲ ਹੋਈਆਂ ਪਰ ਸਿਰਫ਼ 28 ਜਿੱਤ ਸਕੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਜਨਤਾ ਦਲ (ਯੂ) ਤੇ ਰਾਜਦ ਦੀਆਂ ਸਨ, ਜਿਨ੍ਹਾਂ ਨੇ ਗੱਠਜੋੜ ਵਿਚ ਚੋਣ ਲੜੀ ਸੀ। ਦੋਵਾਂ ਪਾਰਟੀਆਂ ਨੇ 10-10 ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ। ਰਾਜਦ ਦੀਆਂ ਸਾਰੀਆਂ ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂਕਿ ਜਨਤਾ ਦਲ (ਯੂ) ਦੀਆਂ 9 ਮਹਿਲਾ ਵਿਧਾਇਕ ਚੁਣੀਆਂ ਗਈਆਂ। ਭਾਜਪਾ ਵੱਲੋਂ ਮੈਦਾਨ ਵਿਚ ਉਤਾਰੀਆਂ ਗਈਆਂ 14 ਔਰਤਾਂ ਵਿਚੋਂ 4 ਨੇ ਚੋਣ ਜਿੱਤੀ। ਕਾਂਗਰਸ ਨੇ ਵੀ ਚੰਗੀ ਕਾਰਗੁਜ਼ਾਰੀ ਵਿਖਾਈ ਸੀ, ਜਿਸ ਦੀਆਂ 5 ਵਿਚੋਂ 4 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।

ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ

2020 ਦੀਆਂ ਚੋਣਾਂ ’ਚ ਕੀ ਸਨ ਸਮੀਕਰਨ?
2020 ਦੀਆਂ ਵਿਧਾਨ ਸਭਾ ਚੋਣਾਂ ’ਚ ਔਰਤਾਂ ਦੀ ਨੁਮਾਇੰਦਗੀ ਘੱਟ ਹੋ ਗਈ ਕਿਉਂਕਿ 370 ਮਹਿਲਾ ਉਮੀਦਵਾਰਾਂ ਵਿਚੋਂ ਸਿਰਫ 26 ਹੀ ਸਦਨ ਵਿਚ ਪਹੁੰਚ ਸਕੀਆਂ। ਭਾਜਪਾ ਨੇ 13 ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ, ਜਦੋਂਕਿ ਉਸ ਦੀ ਸਹਿਯੋਗੀ ਜਨਤਾ ਦਲ (ਯੂ) ਨੇ 22 ਨੂੰ ਨਾਮਜ਼ਦ ਕੀਤਾ, ਜਿਨ੍ਹਾਂ ਵਿਚੋਂ ਕ੍ਰਮਵਾਰ 9 ਤੇ 6 ਨੇ ਜਿੱਤ ਹਾਸਲ ਕੀਤੀ। ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਜੋ ਉਸ ਵੇਲੇ ਐੱਨ. ਡੀ. ਏ. ਦੀ ਸਹਿਯੋਗੀ ਸੀ, ਉਸ ਦੀ ਇਕੋ-ਇਕ ਮਹਿਲਾ ਉਮੀਦਵਾਰ ਨੇ ਚੋਣ ਜਿੱਤੀ ਸੀ। ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੁਲਰ) ਦੀ ਇਕੋ-ਇਕ ਮਹਿਲਾ ਉਮੀਦਵਾਰ ਨੇ ਵੀ ਚੋਣ ਜਿੱਤੀ ਸੀ।

ਵਿਰੋਧੀ ਮਹਾਗੱਠਜੋੜ ਵੱਲੋਂ ਰਾਜਦ ਤੇ ਕਾਂਗਰਸ ਨੇ ਕ੍ਰਮਵਾਰ 16 ਤੇ 7 ਮਹਿਲਾ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਸੀ। ਰਾਜਦ ਦੇ 7 ਉਮੀਦਵਾਰ ਜਿੱਤੇ, ਜਦੋਂਕਿ ਕਾਂਗਰਸ ਦੀਆਂ 2 ਮਹਿਲਾ ਉਮੀਦਵਾਰ ਵਿਧਾਨ ਸਭਾ ’ਚ ਪਹੁੰਚੀਆਂ। ਹੋਰ ਮਹਿਲਾ ਉਮੀਦਵਾਰ ਲੋਕ ਜਨਸ਼ਕਤੀ ਪਾਰਟੀ (ਉਸ ਵੇਲੇ ਅਣਵੰਡੀ) ਦੀਆਂ 22, ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ (ਹੁਣ ਰਾਸ਼ਟਰੀ ਲੋਕ ਮੋਰਚਾ) ਦੀਆਂ 10, ਬਹੁਜਨ ਸਮਾਜ ਪਾਰਟੀ (ਬਸਪਾ) ਦੀਆਂ 7 ਅਤੇ ਏ. ਆਈ. ਐੱਮ. ਆਈ. ਐੱਮ. ਤੇ ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੀਆਂ 3-3 ਮਹਿਲਾ ਉਮੀਦਵਾਰ ਚੋਣ ਹਾਰ ਗਈਆਂ ਸਨ।

ਪੜ੍ਹੋ ਇਹ ਵੀ : ਸੋਨੇ ਦੇ ਗਹਿਣੇ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਕੀਮਤਾਂ 'ਚ ਜ਼ਬਰਦਸਤ ਵਾਧਾ, ਚਾਂਦੀ ਵੀ ਹੋਈ ਮਹਿੰਗੀ

ਆਉਂਦੀਆਂ ਚੋਣਾਂ ’ਚ ਔਰਤਾਂ ਦੀ ਕਿੰਨੇ ਹਿੱਸੇਦਾਰੀ?
ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਐੱਨ. ਡੀ. ਏ. ਨੇ 34 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਮਹਾਗੱਠਜੋੜ ਨੇ 30 ਔਰਤਾਂ ਨੂੰ ਟਿਕਟ ਦਿੱਤੀ ਹੈ। ਭਾਜਪਾ ਤੇ ਜਨਤਾ ਦਲ (ਯੂ) ਨੇ 13-13 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਚਿਰਾਗ ਪਾਸਵਾਨ ਦੀ ਲੋਜਪਾ (ਰਾਮਵਿਲਾਸ) ਨੇ 5 ਔਰਤਾਂ ਨੂੰ ਟਿਕਟ ਦਿੱਤੀ ਹੈ। ਹਮ (ਸੈਕੁਲਰ) ਨੇ 2 ਅਤੇ ਆਰ. ਐੱਲ. ਐੱਮ. ਨੇ ਇਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਰਾਜਦ ਨੇ 24 ਔਰਤਾਂ ਨੂੰ ਟਿਕਟ ਦਿੱਤੀ ਹੈ, ਜਦੋਂਕਿ ਕੈਮੂਰ ਜ਼ਿਲੇ ਦੇ ਮੋਹਨੀਆ ਤੋਂ ਸ਼ਵੇਤਾ ਸੁਮਨ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਗਿਆ ਹੈ। ਕਾਂਗਰਸ ਨੇ 5 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਭਾਕਪਾ (ਮਾਲੇ) ਲਿਬਰੇਸ਼ਨ ਤੇ ਵੀ. ਆਈ. ਪੀ. ਨੇ ਇਕ-ਇਕ ਔਰਤ ਨੂੰ ਉਮੀਦਵਾਰ ਬਣਾਇਆ ਹੈ। 

130 ਸੀਟਾਂ ’ਤੇ ਚੋਣ ਲੜ ਰਹੀ ਬਸਪਾ ਨੇ 26 ਔਰਤਾਂ ਨੂੰ, ਜਦੋਂਕਿ ਜਨ ਸੁਰਾਜ ਨੇ 25 ਔਰਤਾਂ ਨੂੰ ਮੈਦਾਨ ਵਿਚ ਉਤਾਰਿਆ ਹੈ। ਬੋਧਗਯਾ ਸਥਿਤ ਮਗਧ ਯੂਨੀਵਰਸਿਟੀ ’ਚ ਪਾਲੀਟਿਕਲ ਸਾਇੰਸ ਵਿਭਾਗ ਦੀ ਚੀਫ ਡਾ. ਨਿਰਮਲਾ ਕੁਮਾਰੀ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਨੂੰ ਟਿਕਟ ਦੇਣ ’ਚ ਸਿਆਸੀ ਪਾਰਟੀਆਂ ਦਾ ਇੱਛੁਕ ਨਾ ਹੋਣਾ ਵਿਧਾਨ ਸਭਾ ’ਚ ਉਨ੍ਹਾਂ ਦੀ ਘੱਟ ਨੁਮਾਇੰਦਗੀ ਦਾ ਪ੍ਰਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ ਕੋਲ ਸਮਰਪਿਤ ਮਹਿਲਾ ਵਿੰਗ ਤੇ ਮਹਿਲਾ ਨੇਤਾ ਹਨ, ਜੋ ਜ਼ਮੀਨੀ ਪੱਧਰ ’ਤੇ ਸਖਤ ਮਿਹਨਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਉਹ ਦਲ-ਬਦਲੂਆਂ ਤੇ ਬਾਹਰਲੇ ਲੋਕਾਂ ਨੂੰ ਮੈਦਾਨ ਵਿਚ ਉਤਾਰਨਾ ਪਸੰਦ ਕਰਦੀਆਂ ਹਨ। ਆਉਣ ਵਾਲੀਆਂ ਚੋਣਾਂ ’ਚ ਵੀ ਜ਼ਿਆਦਾਤਰ ਮਹਿਲਾ ਉਮੀਦਵਾਰਾਂ ਨੂੰ ਇਸ ਲਈ ਉਤਾਰਿਆ ਗਿਆ ਹੈ ਕਿਉਂਕਿ ਉਹ ਮੌਜੂਦਾ ਵਿਧਾਇਕ ਹਨ।

ਪੜ੍ਹੋ ਇਹ ਵੀ : ਦੀਵਾਲੀ ਦੀ ਸਫ਼ਾਈ ਨੇ ਚਮਕਾ 'ਤੀ ਨੌਜਵਾਨ ਦੀ ਕਿਸਮਤ, ਘਰ 'ਚੋਂ ਮਿਲੇ 2000 ਰੁਪਏ ਦੇ ਨੋਟਾਂ ਦੇ ਬੰਡਲ

ਮਹਿਲਾ ਵੋਟਰਾਂ ਦੀ ਭੂਮਿਕਾ ਅਹਿਮ ਕਿਉਂ?
ਪਿਛਲੀਆਂ 3 ਚੋਣਾਂ ’ਚ ਮਹਿਲਾ ਵੋਟਰਾਂ ਦੀ ਵੋਟ ਫ਼ੀਸਦੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਰਹੀ ਹੈ। 2020 ’ਚ 59.69% ਮਹਿਲਾ ਵੋਟਰਾਂ ਨੇ ਵੋਟਾਂ ਪਾਈਆਂ, ਜਦੋਂਕਿ ਸਿਰਫ 54.45% ਮਰਦਾਂ ਨੇ ਵੋਟਿੰਗ ਕੀਤੀ। 2015 ’ਚ ਇਹ ਫ਼ਰਕ ਹੋਰ ਵੀ ਜ਼ਿਆਦਾ ਸੀ ਜਦੋਂ ਮਹਿਲਾ ਵੋਟਰਾਂ ਨੇ 60.48% ਵੋਟਿੰਗ ਕੀਤੀ ਸੀ, ਜਦੋਂਕਿ ਮਰਦਾਂ ਨੇ 53.32% ਵੋਟਾਂ ਪਾਈਆਂ ਸਨ। 2010 ’ਚ 54.49% ਔਰਤਾਂ ਨੇ ਵੋਟਿੰਗ ਕੀਤੀ ਸੀ, ਜਦੋਂਕਿ ਮਰਦਾਂ ਨੇ 51.12% ਵੋਟਿੰਗ ਕੀਤੀ ਸੀ।

ਜ਼ਿਆਦਾ ਔਰਤਾਂ ਦੀ ਵੋਟਿੰਗ ਦੇ ਨਾਲ ਨਿਤੀਸ਼ ਕੁਮਾਰ ਸਰਕਾਰ ਨੇ ਆਪਣੇ 2 ਦਹਾਕਿਆਂ ਦੇ ਕਾਰਜਕਾਲ ’ਚ ਪੰਚਾਇਤਾਂ ’ਚ 50% ਰਾਖਵਾਂਕਰਨ, ਮੁਫਤ ਸਾਈਕਲ ਅਤੇ ਸ਼ਰਾਬਬੰਦੀ ਵਰਗੀਆਂ ਮਹਿਲਾ-ਕੇਂਦਰਤ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਜਨਤਾ ਦਲ (ਯੂ) ਦੇ ਇਕ ਨੇਤਾ ਨੇ ਕਿਹਾ ਕਿ ਨਿਤੀਸ਼ ਕੁਮਾਰ ਦੀ ਤਾਕਤ ਮਹਿਲਾ ਵੋਟਰਾਂ ਦਾ ਉਨ੍ਹਾਂ ਦਾ ਜਾਤੀ-ਨਿਰਪੱਖ ਵਰਗ ਹੈ, ਜਿਸ ਨੂੰ ਉਨ੍ਹਾਂ ਨੇ 11 ਲੱਖ ਸਵੈ-ਸਹਾਇਤਾ ਸਮੂਹਾਂ, 1.4 ਕਰੋੜ ਰੋਜ਼ੀ-ਰੋਟੀ ਵਰਕਰਾਂ ਅਤੇ 1.21 ਕਰੋੜ ਮਹਿਲਾ ਉੱਦਮੀਆਂ ਨੂੰ 10,000 ਰੁਪਏ ਦੀ ਸਹਾਇਤਾ ਦੇ ਮਾਧਿਅਮ ਰਾਹੀਂ ਮਜ਼ਬੂਤ ਕੀਤਾ ਹੈ। ਤੇਜਸਵੀ ਯਾਦਵ ਵੀ ਚੋਣਾਂ ਤੋਂ ਪਹਿਲਾਂ ਵੋਟਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਹਫਤੇ ਉਨ੍ਹਾਂ ਕਈ ਯੋਜਨਾਵਾਂ ਦਾ ਐਲਾਨ ਕੀਤਾ।

ਪੜ੍ਹੋ ਇਹ ਵੀ : ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ ਰੱਖਣ ਦੇ ਹੁਕਮ, ਜਾਣੋ ਕਾਰਨ ਤੇ ਪੜ੍ਹੋ ਪੂਰੀ LIST


author

rajwinder kaur

Content Editor

Related News