ਔਰਤ ਸਨਮਾਨ ਦੀ ਗੱਲ ਜ਼ੁਬਾਨੀ, ਉੱਤਰ ਪ੍ਰਦੇਸ਼ ’ਚ 7ਵੇਂ ਪੜਾਅ ਵਿਚ ਸਿਰਫ ਦਿੱਤੀਆਂ 7 ਫੀਸਦੀ ਟਿਕਟਾਂ
Friday, May 24, 2024 - 06:23 PM (IST)
ਨੈਸ਼ਨਲ ਡੈਸਕ- ਹਰ ਪਰਿਵਾਰ ਦੀ ਇਕ ਔਰਤ ਦੇ ਖਾਤੇ ਵਿਚ 1 ਲੱਖ ਰੁਪਏ ਪਾਉਣ ਦਾ ਕਾਂਗਰਸ ਦਾ ਵਾਅਦਾ ਹੋਵੇ ਜਾਂ ਭਾਜਪਾ ਦੀ ਨਾਰੀ ਸ਼ਕਤੀ ਦੇ ਸਨਮਾਨ ਦੀ ਗੱਲ ਪਰ ਲੋਕ ਸਭਾ ਚੋਣਾਂ ਵਿਚ ਟਿਕਟਾਂ ਦੇਣ ਦੇ ਮਾਮਲੇ ’ਚ ਲੱਗਭਗ ਹਰ ਸਿਆਸੀ ਪਾਰਟੀ ਔਰਤਾਂ ਪ੍ਰਤੀ ਉਦਾਸੀਨਤਾ ਦਿਖਾ ਰਹੀ ਹੈ। ਇਹੀ ਕਾਰਨ ਹੈ ਕਿ 7ਵੇਂ ਪੜਾਅ ਦੀਆਂ ਚੋਣਾਂ ’ਚ ਉੱਤਰ ਪ੍ਰਦੇਸ਼ ਵਿਚ ਸਿਰਫ਼ ਸੱਤ ਫ਼ੀਸਦੀ ਔਰਤਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ।
ਉੱਤਰ ਪ੍ਰਦੇਸ਼ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਨੇ ਉੱਤਰ ਪ੍ਰਦੇਸ਼ ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ’ਚ 13 ਚੋਣ ਹਲਕਿਆਂ ਤੋਂ ਚੋਣ ਲੜ ਰਹੇ ਸਾਰੇ 144 ਉਮੀਦਵਾਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ’ਚ ਪਾਇਆ ਗਿਆ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਕੁੱਲ 10 ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜੋ ਹੁਣ ਤੱਕ ਦੀਆਂ ਚੋਣਾਂ ’ਚ ਸਭ ਤੋਂ ਘੱਟ ਹਨ।
ਭਾਰਤ ’ਚ 33 ਫੀਸਦੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਔਰਤਾਂ ਦੀ ਭਾਗੀਦਾਰੀ ਲਈ ਇਕ ਕਾਨੂੰਨ ਪਾਸ ਕੀਤਾ ਗਿਆ ਹੈ। ਅਜਿਹੀ ਸਥਿਤੀ ’ਚ ਇੰਨੀ ਘੱਟ ਗਿਣਤੀ ਵਿਚ ਔਰਤਾਂ ਨੂੰ ਚੋਣ ਲੜਨ ਦੇ ਕੇ ਅਸੀਂ ਆਪਣੀ ਮਰਦ ਪ੍ਰਧਾਨ ਮਾਨਸਿਕਤਾ ਨੂੰ ਦਰਸਾਉਣਾ ਚਾਹੁੰਦੇ ਹਾਂ।
ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਦੀ ਸੀਟ ਵਾਰਾਣਸੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸੀਟ ਗੋਰਖਪੁਰ ਤੋਂ ਇਲਾਵਾ ਮਹਾਰਾਜਗੰਜ, ਕੁਸ਼ੀਨਗਰ, ਦੇਵਰੀਆ, ਬਾਂਸਗਾਂਵ, ਘੋਸੀ, ਸਲੇਮਪੁਰ, ਬਲੀਆ, ਗਾਜ਼ੀਪੁਰ, ਚੰਦੋਲੀ, ਮਿਰਜ਼ਾਪੁਰ ਅਤੇ ਰਾਬਰਟਸਗੰਜ ’ਚ ਵੋਟਾਂ ਪਾਈਆਂ ਜਾਣਗੀਆਂ। ਉਮੀਦਵਾਰਾਂ ਵੱਲੋਂ ਐਲਾਨੇ ਅਪਰਾਧਿਕ ਮਾਮਲਿਆਂ 144 ’ਚੋਂ 36 (25 ਫੀਸਦੀ) ਉਮੀਦਵਾਰਾਂ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲੇ ਐਲਾਨੇ ਹਨ, ਜਦਕਿ 21 ਫੀਸਦੀ ਉਮੀਦਵਾਰਾਂ ਨੇ ਆਪਣੇ ਵਿਰੁੱਧ ਗੰਭੀਰ ਅਪਰਾਧਿਕ ਕੇਸ ਐਲਾਨ ਕੀਤੇ ਹਨ, ਜਿਨ੍ਹਾਂ ਵਿਚ ਬਹੁਜਨ ਸਮਾਜ ਪਾਰਟੀ ਦੇ 13 ’ਚੋਂ 5, ਭਾਰਤੀ ਜਨਤਾ ਪਾਰਟੀ ਦੇ 10 ’ਚੋਂ 3, ਸਮਾਜਵਾਦੀ ਪਾਰਟੀ ਦੇ 9 ’ਚੋਂ 7 ਅਤੇ ਕਾਂਗਰਸ ਦੇ 4 ’ਚੋਂ 2 ਉਮੀਦਵਾਰਾਂ ਨੇ ਆਪਣੇ ’ਤੇ ਅਪਰਾਧਿਕ ਮਾਮਲੇ ਐਲਾਨ ਕੀਤੇ ਹਨ।