ਔਰਤ ਨੇ ਪਹਿਲੀ ਵਾਰ ਖੋਲ੍ਹਿਆ ਮੂੰਹ, ਭਾਰਤੀ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
Wednesday, Mar 28, 2018 - 11:36 AM (IST)

ਯਮਨ, (ਏਜੰਸੀ)— ਯਮਨ ਦੀ ਇਕ 30 ਸਾਲਾ ਔਰਤ ਨੇ ਜ਼ਿੰਦਗੀ 'ਚ ਪਹਿਲੀ ਵਾਰ ਭੋਜਨ ਨੂੰ ਚਬਾ ਕੇ ਇਸ ਦਾ ਸਵਾਦ ਲਿਆ। ਉਸ ਦੇ ਮੂੰਹ 'ਚ ਟਿਊਮਰ ਸੀ ਜਿਸ ਕਾਰਣ ਉਸ ਦਾ ਮੂੰਹ ਬੰਦ ਰਹਿੰਦਾ ਸੀ। ਆਪਰੇਸ਼ਨ ਮਗਰੋਂ ਪਹਿਲੀ ਵਾਰ ਉਸ ਦਾ ਮੂੰਹ ਖੁੱਲ੍ਹਾ ਹੈ, ਜਿਸ ਕਾਰਨ ਉਹ ਬਹੁਤ ਖੁਸ਼ ਹੈ।
ਫਾਤਿਮਾ ਨਾਂ ਦੀ ਇਹ ਔਰਤ ਇੰਨੇ ਸਾਲਾਂ ਤੋਂ ਸਿਰਫ ਤਰਲ ਪਦਾਰਥ ਹੀ ਲੈ ਰਹੀ ਸੀ ਅਤੇ ਕਦੇ ਕੋਈ ਠੋਸ ਪਦਾਰਥ ਨਹੀਂ ਖਾਧਾ ਸੀ। ਉਸ ਨੇ ਕਈ ਡਾਕਟਰਾਂ ਨੂੰ ਆਪਣੀ ਸਮੱਸਿਆ ਦੱਸੀ ਸੀ ਪਰ ਕੋਈ ਹੱਲ ਨਾ ਨਿਕਲ ਸਕਿਆ। ਇਸ ਲਈ ਉਹ ਇਲਾਜ ਕਰਵਾਉਣ ਦੀ ਉਮੀਦ 'ਚ ਭਾਰਤ ਆਈ। ਭਾਰਤ 'ਚ ਪੁਣੇ ਦੇ ਡਾਕਟਰ ਜੇ. ਬੀ. ਗਰਦੇ ਨੇ ਦੱਸਿਆ ਕਿ ਫਾਤਿਮਾ ਮੇਰੇ ਕੋਲ ਮੂੰਹ ਬੰਦ ਹੋਣ, ਸਿਰ ਅਤੇ ਕੰਨਾਂ 'ਚ ਦਰਦ ਦੀ ਸ਼ਿਕਾਇਤ ਲੈ ਕੇ ਆਈ ਸੀ। ਉਸ ਨੂੰ ਇਹ ਵੀ ਯਾਦ ਨਹੀਂ ਸੀ ਕਿ ਉਸ ਨੇ ਆਖਰੀ ਵਾਰ ਮੂੰਹ ਕਦੋਂ ਖੋਲ੍ਹਿਆ ਸੀ। ਜਾਂਚ 'ਚ ਪਤਾ ਲੱਗਾ ਕਿ ਉਸ ਦੇ ਕੰਨ ਦੇ ਹੇਠਾਂ ਇਕ ਛੋਟਾ ਟਿਊਮਰ ਸੀ। ਇਸ ਨੂੰ ਆਸਟੇਓਮਾ ਕਿਹਾ ਜਾਂਦਾ ਹੈ। ਡਾਕਟਰਾਂ ਨੇ 4 ਘੰਟਿਆਂ ਦੀ ਸਰਜਰੀ ਦੇ ਬਾਅਦ ਟਿਊਮਰ ਨੂੰ ਕੱਢ ਦਿੱਤਾ। ਹੁਣ ਉਹ ਆਸਾਨੀ ਨਾਲ ਆਪਣਾ ਮੂੰਹ ਖੋਲ੍ਹ ਸਕਦੀ ਹੈ।
ਹੁਣ ਉਹ ਬਹੁਤ ਉਤਸ਼ਾਹਿਤ ਹੈ ਤਾਂ ਕਿ ਉਹ ਆਪਣੇ ਘਰ ਜਾ ਕੇ ਜ਼ੋਰ-ਜ਼ੋਰ ਨਾਲ ਚੀਖ ਸਕੇ। ਉਸ ਨੇ ਕਿਹਾ ਕਿ ਉਹ ਸਭ ਨੂੰ ਦੱਸਣਾ ਚਾਹੁੰਦੀ ਹੈ ਕਿ ਹੁਣ ਉਹ ਵੀ ਸਾਧਾਰਣ ਜੀਵਨ ਬਤੀਤ ਕਰ ਸਕਦੀ ਹੈ। ਉਸ ਨੇ ਭਾਰਤੀ ਡਾਕਟਰਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਹ ਕਹਿੰਦੀ ਹੈ ਕਿ ਹਰ ਕੋਈ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਹੈ ਅਤੇ ਲੋਕ ਅਜਿਹਾ ਕਰਦੇ ਵੀ ਹਨ ਪਰ ਉਹ ਇਸ ਜ਼ਿੰਦਗੀ ਤੋਂ ਵੱਖਰੀ ਸੀ ਕਿਉਂਕਿ ਉਸ ਲਈ ਗੱਲਾਂ ਕਰਨਾ ਇਕ ਸੁਪਨਾ ਹੀ ਸੀ। ਉਸ ਨੇ ਕਿਹਾ ਕਿ ਹੁਣ ਉਹ ਬਹੁਤ ਖੁਸ਼ ਹੈ। ਹਾਲ ਹੀ 'ਚ ਭਾਰਤ 'ਚ ਵੀ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ। ਇਕ 39 ਸਾਲਾ ਵਿਅਕਤੀ ਦਾ ਮੂੰਹ ਨਹੀਂ ਖੁੱਲ੍ਹਦਾ ਅਤੇ ਉਹ ਵੀ ਤਰਲ ਪਦਾਰਥਾਂ 'ਤੇ ਨਿਰਭਰ ਕਰਦਾ ਹੈ।