ਨੇਪਾਲ ਸਰਹੱਦ ''ਤੇ ਮਹਿਲਾ ਤਸਕਰ ਗ੍ਰਿਫ਼ਤਾਰ, 2 ਕਰੋੜ ਦੀ ਚਰਸ ਬਰਾਮਦ
Thursday, Jan 05, 2023 - 01:08 PM (IST)
ਬਹਿਰਾਇਚ (ਭਾਸ਼ਾ)- ਬਹਿਰਾਈਚ ਜ਼ਿਲ੍ਹੇ 'ਚ ਭਾਰਤ-ਨੇਪਾਲ ਦੇ ਸਰਹੱਦੀ ਰੂਪਈਡੀਹਾ ਜਾਂਚ ਚੌਕੀ 'ਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਸਥਾਨਕ ਪੁਲਸ ਦੀ ਇਕ ਸਾਂਝੀ ਟੀਮ ਨੇ 2 ਕਰੋੜ ਰੁਪਏ ਦੀ 5 ਕਿਲੋਗ੍ਰਾਮ ਚਰਸ ਬਰਾਮਦ ਕਰ ਕੇ ਹਿਮਾਚਲ ਪ੍ਰਦੇਸ਼ ਵਾਸੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਫੜੀ ਗਈ ਮਹਿਲਾ ਤਸਕਰ ਬਰਾਮਦ ਨਸ਼ੀਲੇ ਪਦਾਰਥ ਦੀ ਖੇਪ ਨੂੰ ਨੇਪਾਲ ਤੋਂ ਤਸਕਰੀ ਕਰ ਕੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਲਿਜਾ ਰਹੀ ਸੀ। ਅਪਰ ਪੁਲਸ ਸੁਪਰਡੈਂਟ (ਗ੍ਰਾਮੀਣ) ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਸਥਾਨਕ ਪੁਲਸ ਅਤੇ ਐੱਸ.ਐੱਸ.ਬੀ. ਦੇ ਸੰਯੁਕਤ ਦਲ ਨੇ ਰੂਪਈਡੀਹਾ ਸਰਹੱਦੀ ਚੌਕੀ ਤੋਂ ਕੁੱਲੂ (ਹਿਮਾਚਲ ਪ੍ਰਦੇਸ਼) ਦੇ ਛਲਾਲਸੋਸਨ ਵਾਸੀ ਮਾਇਆ ਉਰਫ਼ ਸਪਨਾ ਦੀ ਤਲਾਸ਼ੀ ਦੌਰਾਨ ਉਸ ਕੋਲੋਂ 5 ਕਿਲੋਗ੍ਰਾਮ ਚਰਸ ਬਰਾਮਦ ਕੀਤੀ।
ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁਮਾਰ ਨੇ ਦੱਸਿਆ ਕਿ ਬਰਾਮਦ ਚਰਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 2 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਔਰਤ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਤੋਂ ਪੂਰੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਔਰਤ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਕਿ ਬਰਾਮਦ ਚਰਸ ਨੇਪਾਲ ਤੋਂ ਤਸਕਰੀ ਕਰ ਕੇ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਲਿਜਾਈ ਜਾ ਰਹੀ ਸੀ। ਪੁੱਛ-ਗਿੱਛ ਤੋਂ ਪਤਾ ਲੱਗੀ ਜਾਣਕਾਰੀ ਦੇ ਆਧਾਰ 'ਤੇ ਨਸ਼ਾ ਤਸਕਰੀ ਦੇ ਨੈੱਟਵਰਕ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ।