ਕੁੱਤੇ ਦੇ ਬੱਚੇ ਨੂੰ ਜਨਾਨੀ ਨੇ ਸੈਂਡਲ ਨਾਲ ਕੁਚਲਿਆ, ਵੀਡੀਓ ਵਾਇਰਲ ਹੋਣ ''ਤੇ ਲੋਕਾਂ ਦਾ ਫੁਟਿਆ ਗੁੱਸਾ
Thursday, Aug 27, 2020 - 12:14 PM (IST)

ਲਖਨਊ— ਬੇਜ਼ੁਬਾਨ ਜੇਕਰ ਬੋਲ ਨਹੀਂ ਸਕਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ 'ਤੇ ਤਸ਼ੱਦਦ ਢਾਹਾਂਗੇ। ਸਾਡੇ ਦੇਸ਼ ਵਿਚ ਲੋਕ ਤਾਂ ਰੋਜ਼ਾਨਾ ਹੀ ਬੇਜ਼ੁਬਾਨਾਂ ਦਾ ਸਹਾਰਾ ਬਣਦੇ ਹਨ। ਲੋਕ ਆਪਣੀ ਕਮਾਈ ਵਿਚੋਂ ਕੁਝ ਪੈਸੇ ਬਚਾ ਕੇ ਬੇਜ਼ੁਬਾਨਾਂ ਨੂੰ ਪਾਲਦੇ ਹਨ। ਪਰ ਉੱਤਰ ਪ੍ਰਦੇਸ਼ 'ਚ ਦਿਲ ਨੂੰ ਵਲੂੰਧਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਲਖਨਊ ਵਿਚ ਇਕ ਹਾਈਪ੍ਰੋਫਾਈਲ ਜਨਾਨੀ ਬੇਜ਼ੁਬਾਨ ਨੂੰ ਆਪਣੇ ਸੈਂਡਲ ਹੇਠਾਂ ਕੁਚਲ ਕੇ ਮਾਰਨ 'ਚ ਆਪਣੀ ਸ਼ਾਨ ਸਮਝਦੀ ਹੈ। ਜਨਾਨੀ ਵਲੋਂ ਕੁੱਤੇ ਦੇ ਬੱਚੇ ਨੂੰ ਕਾਰ ਵਿਚ ਸੈਂਡਲ ਨਾਲ ਕੁਚਲਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਲੋਕਾਂ ਦਾ ਗੁੱਸਾ ਫੁਟਿਆ ਹੈ। ਕਾਰ 'ਚ ਉੱਚੀ ਆਵਾਜ਼ 'ਚ ਗਾਣੇ ਵਜਾਉਂਦੇ ਹੋਏ ਇਕ ਹਾਈਪ੍ਰੋਫਾਈਲ ਜਨਾਨੀ ਕੁੱਤੇ ਦੇ ਬੱਚੇ ਨੂੰ ਕੁਚਲ ਰਹੀ ਹੈ। ਉਹ ਉਦੋਂ ਤੱਕ ਆਪਣੇ ਸੈਂਡਲਾਂ ਨਾਲ ਕੁਚਲਦੀ ਰਹੀ, ਜਦੋਂ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ।
— Ramesh Solanki (@Rajput_Ramesh) August 26, 2020
ਪੂਜਾ ਢਿੱਲੋਂ ਨਾਂ ਦੀ ਇਸ ਜਨਾਨੀ ਨੇ ਇਸ ਤੋਂ ਪਹਿਲਾਂ ਵੀ ਕੁੱਤੇ ਦੇ ਬੱਚਿਆਂ ਨਾਲ ਅਜਿਹੀ ਬੇਰਹਿਮੀ ਕੀਤੀ ਹੈ। ਇਸ ਜਨਾਨੀ ਦੇ ਇਸ ਤੋਂ ਪਹਿਲਾਂ ਵੀ ਕਈ ਵੱਖ-ਵੱਖ ਵੀਡੀਓ ਵਾਇਰਲ ਹੋ ਰਹੀਆਂ ਹਨ। ਲਖਨਊ ਦੇ ਗੋਮਤੀਨਗਰ ਦੀ ਰਹਿਣ ਵਾਲੀ ਇਸ ਜਨਾਨੀ ਖ਼ਿਲਾਫ਼ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ, ਜਦਕਿ ਕਈ ਪਸ਼ੂ ਪ੍ਰੇਮੀ ਸੰਗਠਨਾਂ ਨੇ ਜਨਾਨੀ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਮੁਤਾਬਕ ਪਸ਼ੂ ਰੱਖਿਆ ਅਤੇ ਉਨ੍ਹਾਂ ਦੇ ਇਲਾਜ ਲਈ ਕੰਮ ਕਰਨ ਵਾਲੀ ਕਾਮਨਾ ਪਾਂਡੇ ਨੇ ਪੂਜਾ ਢਿੱਲੋਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ ਹੈ। ਪੁਲਸ ਨੂੰ ਦੋਸ਼ੀ ਜਨਾਨੀ ਦੇ ਦੋ ਵੀਡੀਓ ਉਪਲੱਬਧ ਕਰਵਾਏ ਗਏ ਹਨ, ਜਿਸ 'ਚ ਉਹ ਕੁੱਤੇ ਦੇ ਬੱਚੇ ਨੂੰ ਕਾਰ 'ਚ ਤੇਜ਼ ਆਵਾਜ਼ 'ਚ ਸੰਗੀਤ ਸੁਣਨ ਦੌਰਾਨ ਆਪਣੇ ਸੈਂਡਲ ਨਾਲ ਕੁਚਲ ਰਹੀ ਹੈ।
ਕਾਰ 'ਚ ਜਨਾਨੀ ਨਾਲ ਕੋਈ ਹੋਰ ਵੀ ਮੌਜੂਦ ਹੈ, ਜੋ ਗੱਡੀ ਨੂੰ ਚਲਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਜਨਾਨੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾਵੇਗੀ। ਪੂਜਾ ਖ਼ਿਲਾਫ਼ ਪਸ਼ੂ ਬੇਰਹਿਮੀ ਐਕਟ ਤਹਿਤ ਰਿਪੋਰਟ ਦਰਜ ਕੀਤੀ ਗਈ ਹੈ। ਉਕਤ ਵੀਡੀਓ ਹਿੰਦੂ ਵਰਕਰ ਅਤੇ ਸਾਬਕਾ ਸ਼ਿਵ ਸੈਨਾ ਮੈਂਬਰ ਵਲੋਂ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤੀ ਗਈ ਹੈ। ਉਨ੍ਹਾਂ ਨੇ ਯੂ. ਪੀ. ਪੁਲਸ ਨੂੰ ਬੇਨਤੀ ਕੀਤੀ ਹੈ ਕਿ ਪੂਜਾ ਢਿੱਲੋਂ ਖ਼ਿਲਾਫ਼ ਸਖਤ ਕਾਰਾਵਈ ਕੀਤੀ ਜਾਵੇ। ਇਸ ਦੇ ਨਾਲ ਹੀ ਕੁਝ ਸਕ੍ਰੀਨ ਸ਼ਾਟ ਵੀ ਸਾਂਝੇ ਕੀਤੇ ਹਨ।