ਚੇਨਈ ਦੇ ਹਵਾਈ ਅੱਡੇ ''ਤੇ ਔਰਤ ਮੁਸਾਫਰ ਕੋਲੋਂ 4 ਕਰੋੜ ਦਾ ਸੋਨਾ ਫੜਿਆ

Sunday, Jun 10, 2018 - 01:14 AM (IST)

ਚੇਨਈ— ਤਾਮਿਲਨਾਡੂ 'ਚ ਚੇਨਈ ਦੇ ਅੰਨਾ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਡਿਊਟੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਔਰਤ ਮੁਸਾਫਰ ਕੋਲੋਂ ਲਗਭਗ 4 ਕਰੋੜ ਰੁਪਏ ਮੁੱਲ ਦਾ 13 ਕਿਲੋਗ੍ਰਾਮ ਸੋਨਾ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਕਸਟਮ ਡਿਊਟੀ ਕਮਿਸ਼ਨਰ ਦੇ ਦਫਤਰ ਵਲੋਂ ਜਾਰੀ ਬਿਆਨ ਅਨੁਸਾਰ ਕਰਨਾਟਕ ਦੇ ਚਿੱਕਮੰਗਲੂਰ ਨਿਵਾਸੀ ਪਦਮਾ ਅਮਲੇ ਵੈਂਕਟਰਮਈਆ (52) ਦੁਬਈ ਤੋਂ ਇਥੇ ਪੁੱਜੀ ਸੀ। ਨਿਕਾਸੀ ਗੇਟ ਨੇੜੇ ਉਸ ਨੂੰ ਸ਼ੱਕੀ ਹਾਲਤ ਵਿਚ ਘੁੰਮਦਿਆਂ ਦੇਖ ਕੇ ਅਧਿਕਾਰੀਆਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ। 
ਤਸੱਲੀਬਖਸ਼ ਜਵਾਬ ਨਾ ਦੇ ਸਕਣ 'ਤੇ ਇਕ ਮਹਿਲਾ ਅਧਿਕਾਰੀ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਦਾ ਕੁੜਤਾ ਕਮਰ ਦੇ ਨੇੜੇ ਉਭਰਿਆ ਨਜ਼ਰ ਆਇਆ। ਤਲਾਸ਼ੀ ਲੈਣ 'ਤੇ ਕੁੜਤੇ ਦੇ ਹੇਠਲੇ ਹਿੱਸੇ 'ਚ ਲੁਕਾ ਕੇ ਰੱਖੀਆਂ ਗਈਆਂ 25 ਸੋਨੇ ਦੀਆਂ ਚੇਨਾਂ ਦੇ ਨਾਲ ਹੀ ਕੁੜਤੇ ਦੀਆਂ ਦੋਵਾਂ ਜੇਬਾਂ ਦੇ ਅੰਦਰ ਸੋਨੇ ਦੇ 4 ਕੜੇ ਮਿਲੇ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News