''ਵੈਲੇਨਟਾਈਨ ਡੇਅ'' ਦੇ ਤੋਹਫ਼ੇ ਦੇ ਨਾਮ ''ਤੇ ਔਰਤ ਨਾਲ ਠੱਗੀ, 3.68 ਲੱਖ ਰੁਪਏ ਗੁਆਏ
Monday, Feb 13, 2023 - 02:44 PM (IST)
ਮੁੰਬਈ (ਭਾਸ਼ਾ)- ਮੁੰਬਈ ਦੀ 51 ਸਾਲਾ ਇਕ ਔਰਤ ਨਾਲ ਸੋਸ਼ਲ ਮੀਡੀਆ 'ਤੇ ਇਕ ਸ਼ਖਸ ਨੇ ਵੈਲੇਨਟਾਈਨ ਡੇਅ 'ਤੇ ਤੋਹਫ਼ਾ ਭੇਜਣ ਦੇ ਬਹਾਨੇ 3.68 ਲੱਖ ਰੁਪਏ ਠੱਗ ਲਏ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰ ਪੁਲਸ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਆਹੁਤਾ ਔਰਤ ਨੇ ਪਿਛਲੇ ਬੁੱਧਵਾਰ ਇੰਸਟਾਗ੍ਰਾਮ 'ਤੇ ਏਲੈਕਸ ਲੋਰੇਂਜੋ ਨਾਮ ਦੇ ਇਕ ਸ਼ਖਸ ਨਾਲ ਦੋਸਤੀ ਕੀਤੀ ਸੀ। ਉਨ੍ਹਾਂ ਨੇ ਸ਼ਿਕਾਇਤਕਰਤਾ ਦੇ ਹਵਾਲੇ ਤੋਂ ਦੱਸਿਆ ਕਿ ਉਸ ਵਿਅਕਤੀ ਨੇ ਬਾਅਦ 'ਚ ਔਰਤ ਨੂੰ ਦੱਸਿਆ ਕਿ ਉਸ ਨੇ ਉਸ ਨੂੰ ਵੈਲੇਨਟਾਈਨ ਡੇਅ ਦਾ ਤੋਹਫ਼ਾ ਭੇਜਿਆ ਹੈ, ਜਿਸ ਲਈ ਉਸ ਨੂੰ ਪਾਰਸਲ ਪ੍ਰਾਪਤ ਕਰਨ ਤੋਂ ਬਾਅਦ 750 ਯੂਰੋ ਫ਼ੀਸ ਦੇਣੀ ਹੋਵੇਗੀ। ਅਧਿਕਾਰੀ ਨੇ ਕਿਹਾ ਕਿ ਬਾਅਦ 'ਚ ਔਰਤ ਨੂੰ ਇਕ ਕੂਰੀਅਰ ਕੰਪਨੀ ਤੋਂ ਇਕ ਸੰਦੇਸ਼ ਮਿਲਿਆ ਕਿ ਪਾਰਸਲ ਕਿਉਂਕਿ ਸਵੀਕਾਰ ਹੱਦ ਤੋਂ ਜ਼ਿਆਦਾ ਭਾਰੀ ਸੀ, ਇਸ ਲਈ ਉਸ ਨੂੰ 72000 ਰੁਪਏ ਦਾ ਵਾਧੂ ਫ਼ੀਸ ਦੇਣੀ ਹੋਵੇਗੀ, ਜਿਸ ਦਾ ਭੁਗਤਾਨ ਔਰਤ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਕੂਰੀਅਰ ਕੰਪਨੀ ਦੇ ਪ੍ਰਤੀਨਿਧੀਆਂ ਨੇ ਔਰਤ ਨਾਲ ਫਿਰ ਸੰਪਰਕ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਸਲ 'ਚ ਯੂਰਪੀ ਕਰੰਸੀ ਮਿਲੀ ਹੈ ਅਤੇ ਮਨੀ ਲਾਂਡਰਿੰਗ ਦੇ ਦੋਸ਼ ਤੋਂ ਬਚਣ ਲਈ ਉਸ ਨੂੰ 2,65,000 ਰੁਪਏ ਦੇਣੇ ਹੋਣਗੇ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਮੁੜ ਰਾਸ਼ੀ ਦਾ ਭੁਗਤਾਨ ਕੀਤਾ। ਹਾਲਾਂਕਿ ਜਦੋਂ ਉਸ ਵਿਅਕਤੀ ਵਲੋਂ ਭੇਜੇ ਗਏ ਪਾਰਸਲ ਨੂੰ ਪ੍ਰਾਪਤ ਕਰਨ ਲਈ ਮੁੜ 98000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਤਾਂ ਉਸ ਨੂੰ ਸ਼ੱਕ ਹੋਇਆ। ਅਧਿਕਾਰੀ ਨੇ ਕਿਹਾ ਕਿ ਜਦੋਂ ਉਸ ਨੇ ਰਾਸ਼ੀ ਦਾ ਭੁਗਤਾਨ ਕਰਨਾ ਬੰਦ ਕਰ ਦਿੱਤਾ ਤਾਂ ਲੋਰੇਂਜੋ ਨੇ ਉਸ ਨੂੰ ਇਹ ਕਹਿੰਦੇ ਹੋਏ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਕਿ ਉਹ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰੇਗਾ ਅਤੇ ਉਨ੍ਹਾਂ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝਾ ਕਰੇਗਾ। ਔਰਤ ਨੇ ਬਾਅਦ 'ਚ ਖਾਰ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।