ਸੜਕ ਦੇ ਟੋਏ ਨੇ ਲਈ ਮਹਿਲਾ ਡਾਕਟਰ ਦੀ ਜਾਨ, ਨਵੰਬਰ ''ਚ ਸੀ ਵਿਆਹ
Thursday, Oct 10, 2019 - 05:05 PM (IST)

ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ 21 ਸਾਲ ਦੀ ਇਕ ਮਹਿਲਾ ਡਾਕਟਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮਹਿਲਾ ਡਾਕਟਰ ਦੋ-ਪਹੀਆ ਵਾਹਨ 'ਤੇ ਸਵਾਰ ਸੀ, ਜਦੋਂ ਟੋਏ 'ਚ ਫਿਸਲ ਕੇ ਉਹ ਆਪਣੇ ਵਾਹਨ ਨਾਲ ਸੜਕ 'ਤੇ ਡਿੱਗ ਗਈ ਅਤੇ ਟਰੱਕ ਹੇਠਾਂ ਆ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਮਹਿਲਾ ਡਾਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਇਹ ਹਾਦਸਾ ਬੁੱਧਵਾਰ ਦੇਰ ਰਾਤ ਹੋਇਆ। ਮ੍ਰਿਤਕਾ ਦੀ ਪਛਾਣ ਨੇਹਾ ਸ਼ੇਖ ਵਜੋਂ ਹੋਈ ਹੈ, ਜੋ ਕਿ ਕੁਡੂਸ ਪਿੰਡ ਦੀ ਰਹਿਣ ਵਾਲੀ ਸੀ। ਇਹ ਹਾਦਸਾ ਵਾਡਾ ਭਿਵੰਡੀ ਰੋਡ 'ਤੇ ਹੋਇਆ। ਨੇਹਾ ਦੇਰ ਸ਼ਾਮ ਕਲੀਨਿਕ ਤੋਂ ਆਪਣੇ ਘਰ ਜਾ ਰਹੀ ਸੀ। ਮ੍ਰਿਤਕ ਮਹਿਲਾ ਡਾਕਟਰ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ। ਮ੍ਰਿਤਕਾ ਦੋ-ਪਹੀਆ ਵਾਹਨ ਟੋਏ 'ਚ ਫਿਸਲ ਕੇ ਆਪਣਾ ਸੰਤੁਲਨ ਗੁਆ ਕੇ ਸੜਕ 'ਤੇ ਡਿੱਗ ਗਈ। ਕੋਲੋਂ ਲੰਘ ਰਿਹਾ ਇਕ ਟਰੱਕ ਮਹਿਲਾ ਨੂੰ ਦਰੜਦੇ ਹੋਏ ਨਿਕਲ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 304-ਏ (ਲਾਪ੍ਰਵਾਹੀ ਕਾਰਨ ਮੌਤ) ਤਹਿਤ ਅਣਪਛਾਤੇ ਟਰੱਕ ਡਰਾਈਵਰ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਘਟਨਾ ਤੋਂ ਬਾਅਦ ਆਦਿਵਾਸੀ ਕਲਿਆਣ ਲਈ ਕੰਮ ਕਰਨ ਵਾਲੇ ਸੰਗਠਨ ਦੇ ਕਈ ਮੈਂਬਰ ਹਾਦਸੇ ਵਾਲੀ ਥਾਂ ਅਨਗਾਓਂ ਟੋਲ ਬੂਥ ਪਹੁੰਚੇ ਅਤੇ ਅੱਧੀ ਰਾਤ ਨੂੰ ਬੂਥ ਬੰਦ ਕਰਵਾ ਦਿੱਤਾ। ਸੰਗਠਨ ਦੇ ਯੁਵਾ ਵਰਗ ਦੇ ਪ੍ਰਧਾਨ ਪ੍ਰਮੋਦ ਪਵਾਰ ਨੇ ਦਾਅਵਾ ਕੀਤਾ ਕਿ ਇਸ ਸਾਲ ਟੋਇਆਂ ਨਾਲ ਭਰੀਆਂ ਸੜਕਾਂ ਕਈ ਲੋਕਾਂ ਦੀ ਮੌਤ ਦਾ ਕਾਰਨ ਬਣੀਆਂ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.), ਸੜਕ ਨਿਰਮਾਣ ਅਤੇ ਰੱਖ-ਰਖਾਵ ਲਈ ਜ਼ਿੰਮੇਦਾਰ ਸੰਸਥਾ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਟੋਲ ਬੂਥ ਨੂੰ ਕੰਮ ਨਹੀਂ ਕਰਨ ਦੇਣਗੇ ਅਤੇ ਆਪਣੀ ਮੰਗ ਪੂਰੀ ਹੋਣ ਤਕ ਸ਼ਾਂਤੀਪੂਰਨ ਅੰਦੋਲਨ 'ਤੇ ਬੈਠੇ ਰਹਿਣਗੇ।