ਔਰਤ ਨੇ ਜਾਮਾ ਤਲਾਸ਼ੀ ਦਾ ਲਾਇਆ ਦੋਸ਼, ਅਧਿਕਾਰੀਆਂ ਨੇ ਧਾਰੀ ਚੁੱਪੀ
Thursday, Jan 05, 2023 - 01:03 PM (IST)
ਬੇਂਗਲੁਰੂ (ਭਾਸ਼ਾ)- ਔਰਤ ਨੇ ਦੋਸ਼ ਲਾਇਆ ਹੈ ਕਿ ਬੇਂਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਤਲਾਸ਼ੀ ਦੌਰਾਨ ਉਸ ਨੂੰ ਸ਼ਰਟ ਉਤਾਰਨ ਲਈ ਕਿਹਾ ਗਿਆ। ਔਰਤ ਨੇ ਸਵਾਲ ਪੁੱਛਿਆ ਸੀ ਕਿ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਕੀ ਲੋੜ ਸੀ। ਹਾਲਾਂਕਿ, ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਪੂਰੇ ਘਟਨਾਕ੍ਰਮ ਤੋਂ ਦੂਰ ਕਰ ਲਿਆ ਕਿ ਉਹ ਇਸ ’ਤੇ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਮਾਮਲੇ ਦਾ ਸਬੰਧ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਨਾਲ ਹੈ। ਮਹਿਲਾ ਯਾਤਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ, ਬੇਂਗਲੁਰੂ ਹਵਾਈ ਅੱਡੇ ’ਤੇ ਸੁਰੱਖਿਆ ਜਾਂਚ ਦੌਰਾਨ ਮੈਨੂੰ ਸ਼ਰਟ ਉਤਾਰਨ ਲਈ ਕਿਹਾ ਗਿਆ।
ਸੁਰੱਖਿਆ ਜਾਂਚ ਚੌਕੀ ’ਤੇ ਸਿਰਫ਼ ਅੰਤ : ਕੱਪੜੇ ਨਾਲ ਖੜ੍ਹੇ ਹੋਣਾ ਅਤੇ ਲੋਕਾਂ ਦਾ ਧਿਆਨ ਖਿੱਚਣਾ ਅਪਮਾਨਜਨਕ ਸੀ ਜੋ ਇਕ ਔਰਤ ਦੇ ਨਾਤੇ ਤੁਸੀਂ ਕਦੇ ਨਹੀਂ ਚਾਹੋਗੇ। ਬੇਂਗਲੁਰੂ ਏਅਰਪੋਰਟ ਤੁਸੀਂ ਕਿਉਂ ਚਾਹੁੰਦੇ ਹੋ ਕਿ ਔਰਤਾਂ ਕੱਪੜੇ ਉਤਾਰਨ ? ਇਹ ਟਵੀਟ ਕਰਨ ਤੋਂ ਬਾਅਦ ਔਰਤ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਡੀ-ਐਕਟੀਵੇਟ ਕਰ ਦਿੱਤਾ।
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਪੂਰੇ ਘਟਨਾਕ੍ਰਮ ਤੋਂ ਦੂਰੀ ਬਣਾ ਲਈ ਹੈ।ਏਅਰਪੋਰਟ ਦੀ ਸੰਚਾਰ ਟੀਮ ਦੇ ਮੈਂਬਰ ਨੇ ਕਿਹਾ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਇਹ ਮਾਮਲਾ ਸੀ. ਆਈ. ਐੱਸ. ਐੱਫ. ਨਾਲ ਸਬੰਧਤ ਹੈ। ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਸੀ. ਆਈ. ਐੱਸ. ਐੱਫ. ਇਸ ਪੂਰੇ ਘਟਨਾਕ੍ਰਮ ’ਤੇ ਟਿੱਪਣੀ ਕਰਨ ਲਈ ਉਪਲਬਧ ਨਹੀਂ ਹੋਇਆ।