ਐਸਿਡ ਅਟੈਕ ''ਤੇ ਵੀਡੀਓ ਬਣਾਉਣਾ ਟਿਕ-ਟਾਕ ਸਟਾਰ ਨੂੰ ਪਿਆ ਮਹਿੰਗਾ

05/19/2020 11:47:15 AM

ਨਵੀਂ ਦਿੱਲੀ- ਰਾਸ਼ਟਰੀ ਮਹਿਲਾ ਕਮਿਸ਼ਨ ਨੇ ਟਿਕ-ਟਾਕ ਦੇ ਭਾਰਤੀ ਪ੍ਰਬੰਧਨ ਨੂੰ ਕਿਹਾ ਹੈ ਕਿ ਉਹ ਤੁਰੰਤ ਉਸ ਵੀਡੀਓ ਨੂੰ ਹਟਾਏ, ਜਿਸ 'ਚ ਇਕ ਵਿਅਕਤੀ ਨੂੰ ਔਰਤ 'ਤੇ ਤੇਜ਼ਾਬ ਸੁੱਟਣ ਦੇ ਅਪਰਾਧ ਨੂੰ ਅੰਜਾਮ ਦਿੰਦੇ ਹੋਏ ਦਿਖਾਇਆ ਗਿਆ ਹੈ। ਕਮਿਸ਼ਨ ਨੇ ਮਹਾਰਾਸ਼ਟਰ ਪੁਲਸ ਨੂੰ ਵੀ ਕਿਹਾ ਕਿ ਇਹ ਵੀਡੀਓ ਬਣਾਉਣ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇ। ਮਹਿਲਾ ਕਮਿਸ਼ਨ ਨੇ ਟਿਕ-ਟਾਕ ਇੰਡੀਆ ਦੇ ਅਧਿਕਾਰੀ (ਸ਼ਿਕਾਇਤ) ਅਨੁਜ ਭਾਟੀਆ ਨੂੰ ਪੱਤਰ ਲਿਖ ਕੇ ਕਿਹਾ ਕਿ ਇਕ ਟਵਿੱਟਰ ਪੋਸਟ ਦੇ ਮਾਧਿਅਮ ਨਾਲ ਇਸ ਵੀਡੀਓ ਦੀ ਗੱਲ ਉਸ ਦੇ ਨੋਟਿਸ 'ਚ ਆਈ ਅਤੇ ਇਸ ਵੀਡੀਓ ਨੂੰ ਹਟਾਇਆ ਜਾਵੇ।

ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੱਤਰ 'ਚ ਕਿਹਾ ਕਿ ਇਹ ਵੀਡੀਓ ਨਾ ਸਿਰਫ਼ ਮਹਿਲਾ ਵਿਰੋਧੀ ਹਿੰਸਾ ਲਈ ਉਕਸਾ ਰਿਹਾ ਹੈ ਸਗੋਂ ਪੁਰਸ਼-ਪ੍ਰਧਾਨ ਸੋਚ ਨੂੰ ਵੀ ਦਿਖਾਉਂਦਾ ਹੈ। ਰੇਖਾ ਅਨੁਸਾਰ ਇਹ ਵੀਡੀਓ ਫੈਜ਼ਲ ਸਿੱਦੀਕੀ ਨਾਮੀ ਇਕ ਨੌਜਵਾਨ ਨੇ ਬਣਾਇਆ ਹੈ ਅਤੇ ਇਸ ਵੀਡੀਓ 'ਚ ਔਰਤਾਂ 'ਤੇ ਤੇਜ਼ਾਬ ਦੇ ਹਮਲੇ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵੀਡੀਓ ਹਟਾਉਣ ਦੇ ਨਾਲ ਹੀ ਇਸ ਵਿਅਕਤੀ ਦੀ ਆਈ.ਡੀ. ਬਲਾਕ ਕੀਤੀ ਜਾਵੇ। ਮਹਾਰਾਸ਼ਟਰ ਦੇ ਪੁਲਸ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਜਾਇਸਵਾਲ ਨੂੰ ਲਿਖੇ ਪੱਤਰ 'ਚ ਰੇਖਾ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ 'ਚ ਸੂਚਨਾ ਤਕਨਾਲੋਜੀ ਕਾਨੂੰਨ-2000 ਦੇ ਅਧੀਨ ਕਾਰਵਾਈ ਯਕੀਨੀ ਕੀਤੀ ਜਾਵੇ।


DIsha

Content Editor

Related News