ਗਰੀਬੀ ਕਾਰਨ ਪਰੇਸ਼ਾਨ ਰਹਿਣ ਲੱਗੀ ਔਰਤ, ਕੀਤਾ ਅਜਿਹਾ ਕੰਮ ਕਿ ਦੇਖ ਡਾਕਟਰਾਂ ਦੇ ਵੀ ਉੱਡ ਗਏ ਹੋਸ਼
Monday, Jun 30, 2025 - 12:23 PM (IST)
 
            
            ਨੈਸ਼ਨਲ ਡੈਸਕ- ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪ੍ਰੇਸ਼ਨ ਦੌਰਾਨ ਇਕ ਔਰਤ ਦੇ ਢਿੱਡ 'ਚੋਂ ਇਕ ਕਿਲੋ ਵਾਲਾਂ ਦਾ ਗੁੱਛਾ ਕੱਢਿਆ ਹੈ। ਇਹ ਵੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ ਔਰਤ ਨੂੰ ਢਿੱਡ ਵਿਚ ਤੇਜ਼ ਦਰਦ ਹੋਣ 'ਤੇ ਹਸਪਤਾਲ ਲਿਆਂਦਾ ਗਿਆ ਸੀ।
ਤਿੰਨ ਬੱਚਿਆਂ ਦੀ ਮਾਂ ਹੈ ਔਰਤ
ਜਾਣਕਾਰੀ ਮੁਤਾਬਕ ਮਾਮਲਾ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਦਾ ਹੈ। ਔਰਤ ਦੀ ਪਛਾਣ 22 ਸਾਲਾ ਪੂਨਮ ਦੇਵੀ ਵਜੋਂ ਹੋਈ ਹੈ, ਜੋ ਤਿੰਨ ਬੱਚਿਆਂ ਦੀ ਮਾਂ ਹੈ। ਸ਼ਨੀਵਾਰ ਰਾਤ ਅਚਾਨਕ ਉਸ ਦੇ ਢਿੱਡ ਵਿਚ ਤੇਜ਼ ਦਰਦ ਅਤੇ ਉਲਟੀਆਂ ਹੋਣ ਲੱਗੀਆਂ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਨੂੰ ਡਾਕਟਰਾਂ ਨੇ ਆਪ੍ਰੇਸ਼ਨ ਕੀਤਾ ਤਾਂ ਢਿੱਡ ਵਿਚੋਂ ਇਕ ਕਿਲੋ ਵਾਲਾਂ ਦਾ ਗੁੱਛਾ ਕੱਢਿਆ, ਜਿਸ ਨੂੰ ਵੇਖ ਕੇ ਡਾਕਟਰ ਹੈਰਾਨ ਰਹਿ ਗਏ।
ਆਰਥਿਕ ਤੰਗੀ ਕਾਰਨ ਮਾਨਸਿਕ ਤਣਾਅ 'ਚ ਰਹਿਣ ਲੱਗੀ ਔਰਤ
ਦੱਸਿਆ ਜਾ ਰਿਹਾ ਹੈ ਕਿ ਪੂਨਮ ਦਾ ਵਿਆਹ 2018 ਵਿਚ ਸੁਪੌਲ ਜ਼ਿਲ੍ਹੇ 'ਚ ਹੋਇਆ ਸੀ। ਆਰਥਿਕ ਤੰਗੀ ਕਾਰਨ ਉਹ ਮਾਨਸਿਕ ਤਣਾਅ 'ਚ ਰਹਿਣ ਲੱਗੀ। ਇਸ ਦੌਰਾਨ ਉਸ ਨੇ ਵਾਲ ਖਾਣੇ ਸ਼ੁਰੂ ਕਰ ਦਿੱਤੇ। ਡਾਕਟਰਾਂ ਨੇ ਦੱਸਿਆ ਕਿ ਪੂਨਮ ਪਿਛਲੇ ਚਾਰ ਮਹੀਨਿਆਂ ਤੋਂ ਇਲਾਜ ਅਧੀਨ ਹੈ। ਐਤਵਾਰ ਨੂੰ ਦਰਦ ਵਧਣ ਕਾਰਨ ਉਸ ਦਾ ਆਪ੍ਰੇਸ਼ਨ ਕੀਤਾ ਗਿਆ। ਡਾਕਟਰ ਸੰਤੋਸ਼ ਨੇ ਦੱਸਿਆ ਕਿ ਪੂਨਮ ਦੀ ਹਾਲਤ ਇਸ ਸਮੇਂ ਠੀਕ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੂਨਮ ਟ੍ਰਾਈਕੋਟਿਲੋਮੇਨੀਆ ਨਾਮਕ ਮਾਨਸਿਕ ਬਿਮਾਰੀ ਤੋਂ ਪੀੜਤ ਸੀ। ਇਸ ਬੀਮਾਰੀ ਕਾਰਨ ਵਿਅਕਤੀ ਤਣਾਅ, ਚਿੰਤਾ ਜਾਂ ਮਾਨਸਿਕ ਪਰੇਸ਼ਾਨੀ ਵਿਚ ਆਪਣੇ ਵਾਲ ਤੋੜਨਾ ਅਤੇ ਖਾਣਾ ਸ਼ੁਰੂ ਕਰ ਦਿੰਦਾ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            