ਸਰਦ ਰੁੱਤ ਸੈਸ਼ਨ: ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ 'ਚ ਕਾਂਗਰਸ ਨੇ ਕੀਤਾ ਹੰਗਾਮਾ

Friday, Dec 15, 2017 - 01:38 PM (IST)

ਸਰਦ ਰੁੱਤ ਸੈਸ਼ਨ: ਲੋਕ ਸਭਾ ਸੋਮਵਾਰ ਤੱਕ ਮੁਲਤਵੀ, ਰਾਜ ਸਭਾ 'ਚ ਕਾਂਗਰਸ ਨੇ ਕੀਤਾ ਹੰਗਾਮਾ

ਨਵੀਂ ਦਿੱਲੀ— ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਸੰਸਦ ਸਰਦ ਰੁੱਤ ਸੈਸ਼ਨ ਸ਼ੁਰੂ ਹੋਇਆ। ਲੋਕ ਸਭਾ ਦੇ ਤਿੰਨ ਮੌਜੂਦਾ ਅਤੇ 7 ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਤਿੰਨ ਮੌਜੂਦਾ ਅਤੇ 7 ਸਾਬਕਾ ਮੈਂਬਰਾਂ ਦੇ ਦਿਹਾਂਤ ਦੀ ਸੂਚਨਾ ਸਦਨ ਨੂੰ ਦਿੱਤੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਸੋਮਵਾਰ ਸਵੇਰ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਨਵੇਂ ਚੁਣੇ ਮੈਂਬਰ ਸੁਨੀਲ ਕੁਮਾਰ ਜਾਖੜ ਨੇ ਸਦਨ ਮੈਂਬਰਤਾ ਦੀ ਸਹੁੰ ਚੁਕੀ। ਜਾਖੜ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਇਹ ਸੀਟ ਵਿਨੋਦ ਖੰਨਾ ਦੇ ਦਿਹਾਂਤ ਕਾਰਨ ਖਾਲੀ ਹੋਈ ਸੀ।
ਸਪੀਕਰ ਨੇ ਸਦਨ ਨੂੰ ਇਹ ਵੀ ਸੂਚਿਤ ਕੀਤਾ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸਨੇਹਲਤਾ ਸ਼੍ਰੀਵਾਸਤਵ ਨੂੰ ਲੋਕ ਸਭਾ ਦਾ ਜਨਰਲ ਸਕਤੱਰ ਨਿਯੁਕਤ ਕੀਤਾ ਗਿਆ ਹੈ। ਉਹ ਲੋਕ ਸਭਾ ਦੀ ਪਹਿਲੀ ਮਹਿਲਾ ਜਨਰਲ ਸਕੱਤਰ ਬਣੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਮੰਤਰੀ ਮੰਡਲ 'ਚ ਸ਼ਾਮਲ ਨਵੇਂ ਮੈਂਬਰਾਂ ਦੀ ਵੀ ਪਛਾਣ ਕਰਵਾਈ। ਮਹਾਜਨ ਨੇ ਦੱਸਿਆ ਕਿ ਸਦਨ ਦੇ ਮੌਜੂਦਾ ਮੈਂਬਰ ਸੁਲਤਾਨ ਅਹਿਮਦ, ਚਾਂਦਨਾਥ ਅਤੇ ਤਸਲੀਮੁਦੀਨ ਦਾ ਹਾਲ ਹੀ 'ਚ ਦਿਹਾਂਤ ਹੋਇਆ। ਤ੍ਰਿਣਮੂਲ ਕਾਂਗਰਸ ਦੇ ਸੁਲਤਾਨ 2 ਵਾਰ ਲੋਕ ਸਭਾ ਦੇ ਮੈਂਬਰ ਰਹੇ, ਜਦੋਂ ਕਿ ਰਾਸ਼ਟਰੀ ਜਨਤਾ ਦਲ ਦੇ ਤਸਲੀਮੁਦੀਨ ਚਾਰ ਵਾਰ ਸਦਨ ਦੇ ਮੈਂਬਰ ਰਹੇ ਹਨ। ਚਾਂਦਨਾਥ ਸਦਨ 'ਚ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਸਨ। ਸਦਨ ਨੇ ਮਰਹੂਮ ਸਾਬਕਾ ਮੈਂਬਰ ਵਿਕਰਮ ਮਹਾਜਨ, ਰਾਮਸਿੰਘ, ਆਰ ਕੀਸ਼ਿੰਗ, ਪੀ.ਸੀ. ਬਰਮਨ, ਧਨਰਾਜਸਿੰਘ, ਅਮਲ ਦੱਤਾ ਅਤੇ ਪ੍ਰਿਯਰੰਜਨ ਦਾਸ ਮੁੰਸ਼ੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉੱਥੇ ਹੀ ਰਾਜ ਸਭਾ 'ਚ ਵੀ ਸ਼ਰਦ ਯਾਦਵ ਅਤੇ ਅਲੀ ਅਨਵਰ ਅੰਸਾਰੀ ਨੂੰ ਰਾਜ ਸਭਾ ਤੋਂ ਅਯੋਗ ਐਲਾਨ ਕਰਨ ਦੇ ਖਿਲਾਫ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਉੱਚ ਸਦਨ ਦੀ ਕਾਰਵਾਈ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਸੈਸ਼ਨ 'ਚ ਸਰਕਾਰ ਕੁੱਲ 14 ਬਿੱਲ ਪੇਸ਼ ਕਰ ਸਕਦੀ ਹੈ, ਇਨ੍ਹਾਂ 'ਚੋਂ ਤਿੰਨ ਤਲਾਕ ਬਿੱਲ ਵੀ ਸ਼ਾਮਲ ਹੈ। ਇਸ ਬਿੱਲ ਦੀ ਵਿਵਸਥਾ ਦੇ ਅਧੀਨ ਤਿੰਨ ਤਲਾਕ ਦੇਣ ਵਾਲੇ ਵਿਅਕਤੀ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਪਿਛੜਾ ਜਾਤੀ ਬਿੱਲ, ਵਿੱਤੀ ਸੰਕਲਪ ਅਤੇ ਜਮਾ ਬੀਮਾ ਬਿੱਲ, ਮੋਟਰ ਵਾਹਨ (ਸੋਧ) ਬਿੱਲ, ਕੰਪਨੀ ਐਕਟ (ਸੋਧ) ਬਿੱਲ ਅਤੇ ਨਾਬਾਰਡ (ਸੋਧ) ਆਦਿ ਬਿੱਲ ਸਦਨ 'ਚ ਪੇਸ਼ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ 15 ਦਸੰਬਰ ਤੋਂ 5 ਜਨਵਰੀ ਤੱਕ ਚੱਲਣ ਵਾਲਾ ਇਹ ਸੈਸ਼ਨ ਸਿਰਫ 22 ਦਿਨਾਂ ਦਾ ਹੋਵੇਗਾ, ਜਿਸ 'ਚੋਂ ਜੇਕਰ ਛੁੱਟੀਆਂ ਨੂੰ ਹਟਾ ਦੇਈਏ ਤਾਂ ਸੰਸਦ ਸਿਰਫ 14 ਦਿਨਾਂ ਤੱਕ ਹੀ ਚੱਲੇਗਾ ਅਤੇ ਸਰਕਾਰ ਨੇ ਇੰਨੀਂ ਦਿਨੀਂ ਅਹਿਮ ਬਿੱਲ ਪੇਸ਼ ਕਰਨੇ ਹਨ।


Related News