ਕਸ਼ਮੀਰ ਘਾਟੀ ''ਚ ਵਧੀ ਠੰਡ, ਕਈ ਥਾਵਾਂ ''ਤੇ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ

Sunday, Dec 25, 2022 - 03:19 PM (IST)

ਸ਼੍ਰੀਨਗਰ- ਕਸ਼ਮੀਰ 'ਚ ਘੱਟੋ-ਘੱਟ ਤਾਪਮਾਨ ਜਮਾਅ ਬਿੰਦੂ ਤੋਂ ਕਈ ਡਿਗਰੀ ਹੇਠਾਂ ਆ ਗਿਆ ਅਤੇ ਕਈ ਥਾਵਾਂ 'ਤੇ ਸ਼ਨੀਵਾਰ ਨੂੰ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਕਿਹਾ ਕਿ ਇਸ ਸਾਲ ਘਾਟੀ ਵਿਚ ਕ੍ਰਿਸਮਿਸ ਖੁਸ਼ਕ ਪਰ ਠੰਡਾ ਰਿਹਾ। ਹਾਲਾਂਕਿ ਅਗਲੇ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਮੁਤਾਬਕ ਸ਼ਨੀਵਾਰ ਰਾਤ ਨੂੰ ਗੁਲਮਰਗ ਨੂੰ ਛੱਡ ਕੇ ਪੂਰੀ ਘਾਟੀ 'ਚ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ।

ਕੜਾਕੇ ਦੀ ਠੰਡ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਕਰਨ ਵਾਲੇ ਪਾਈਪ ਜੰਮ ਗਏ ਅਤੇ ਨਾਲ ਹੀ ਡਲ ਝੀਲ ਦਾ ਅੰਦਰੂਨੀ ਹਿੱਸਾ ਵੀ ਜੰਮ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਇਹ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਸੀ। ਇਸ ਦੇ ਨਾਲ ਹੀ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ ਸੋਮਵਾਰ ਤੱਕ ਜੰਮੂ-ਕਸ਼ਮੀਰ 'ਚ ਜ਼ਿਆਦਾਤਰ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਜਿਸ ਤੋਂ ਬਾਅਦ 30 ਦਸੰਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਆਮ ਤੌਰ 'ਤੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਅਤੇ ਉੱਚੇ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਘੱਟੋ-ਘੱਟ ਤਾਪਮਾਨ 'ਚ ਮਾਮੂਲੀ ਸੁਧਾਰ ਹੋਵੇਗਾ, ਜਿਸ ਨਾਲ 26 ਤੋਂ 31 ਦਸੰਬਰ ਤੱਕ ਠੰਡੇ ਅਤੇ ਖੁਸ਼ਕ ਮੌਸਮ ਤੋਂ ਕੁਝ ਰਾਹਤ ਮਿਲੇਗੀ।
 


Tanu

Content Editor

Related News