ਕੀ ਤੁਸੀਂ ਬੁਢਾਪੇ ’ਚ ਰਹੋਗੇ ਫਿੱਟ: ਇਹ ਆਸਾਨ ਟੈਸਟ ਦੱਸਣਗੇ ਤੁਹਾਡੀ ਅਸਲੀ ਫਿਟਨੈੱਸ ਦਾ ਰਾਜ਼

Sunday, Apr 19, 2026 - 04:06 AM (IST)

ਕੀ ਤੁਸੀਂ ਬੁਢਾਪੇ ’ਚ ਰਹੋਗੇ ਫਿੱਟ: ਇਹ ਆਸਾਨ ਟੈਸਟ ਦੱਸਣਗੇ ਤੁਹਾਡੀ ਅਸਲੀ ਫਿਟਨੈੱਸ ਦਾ ਰਾਜ਼

ਨਵੀਂ ਦਿੱਲੀ – ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ ਪਰ ਸਵਾਲ ਇਹ ਹੈ ਕਿ ਆਉਣ ਵਾਲੇ 10-20 ਸਾਲਾਂ ’ਚ ਸਾਡੀ ਸਰੀਰਕ ਸਥਿਤੀ ਕਿਹੋ ਜਿਹੀ ਹੋਵੇਗੀ?
ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਆਸਾਨ ਫਿਟਨੈੱਸ ਟੈਸਟਾਂ ਰਾਹੀਂ ਤੁਸੀਂ ਅੱਜ ਹੀ ਆਪਣੀ ਭਵਿੱਖ ਦੀ ਸਿਹਤ ਦਾ ਅੰਦਾਜ਼ਾ ਲਾ ਸਕਦੇ ਹੋ। ਇਹ ਟੈਸਟ ਨਾ ਸਿਰਫ਼ ਤੁਹਾਡੀ ਤਾਕਤ, ਸੰਤੁਲਨ ਤੇ ਸਹਿਣਸ਼ੀਲਤਾ ਨੂੰ ਪਰਖਦੇ ਹਨ, ਸਗੋਂ ਇਹ ਵੀ ਦੱਸਦੇ ਹਨ ਕਿ ਤੁਸੀਂ ਉਮਰ ਵਧਣ ਦੇ ਨਾਲ ਕਿੰਨੇ ਸਰਗਰਮ ਤੇ ਸੁਤੰਤਰ ਰਹਿ ਸਕੋਗੇ।

ਭਵਿੱਖ ਦੀ ਫਿਟਨੈੱਸ ਦਾ ਆਧਾਰ–
ਕੈਨੇਡਾ ਦੀ ਮੈਕਮਾਸਟਰ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਉਮਰ ਦੇ ਨਾਲ ਸਰੀਰ ਦੀ ਤਾਕਤ ਅਤੇ ਮਾਸਪੇਸ਼ੀਆਂ ’ਚ ਕੁਦਰਤੀ ਤੌਰ ’ਤੇ ਕਮੀ ਆਉਂਦੀ ਹੈ। ਇਸ ਲਈ ਜਿੰਨੀ ਜਲਦੀ ਤੁਸੀਂ ਫਿਟਨੈੱਸ ਵੱਲ ਧਿਆਨ ਦੇਣਾ ਸ਼ੁਰੂ ਕਰੋਗੇ, ਓਨਾ ਹੀ ਬਿਹਤਰ ਰਹੇਗਾ। ਇਸ ਨੂੰ ਭਵਿੱਖ ਲਈ ਜਮ੍ਹਾ ਪੂੰਜੀ ਵਾਂਗ ਮੰਨਿਆ ਜਾ ਸਕਦਾ ਹੈ।

1. ਸਿਟਿੰਗ-ਰਾਈਜ਼ਿੰਗ ਟੈਸਟ : ਇਹ ਟੈਸਟ ਸਰੀਰ ਦੀ ਤਾਕਤ, ਸੰਤੁਲਨ ਤੇ ਲਚਕੀਲਾਪਣ ਜਾਂਚਣ ਦਾ ਆਸਾਨ ਤਰੀਕਾ ਹੈ। ਇਸ ਵਿਚ ਵਿਅਕਤੀ ਨੇ ਬਿਨਾਂ ਕਿਸੇ ਸਹਾਰੇ ਦੇ ਖੜ੍ਹੇ ਹੋਣ ਦੀ ਸਥਿਤੀ ਤੋਂ ਜ਼ਮੀਨ ’ਤੇ ਬੈਠਣਾ ਅਤੇ ਫਿਰ ਵਾਪਸ ਖੜ੍ਹਾ ਹੋਣਾ ਹੁੰਦਾ ਹੈ। ਇਸ ਪ੍ਰਕਿਰਿਆ ’ਚ ਜੇਕਰ ਹੱਥ, ਗੋਡਾ ਜਾਂ ਸਰੀਰ ਦਾ ਕੋਈ ਹੋਰ ਹਿੱਸਾ ਸਹਾਰੇ ਲਈ ਵਰਤਿਆ ਜਾਂਦਾ ਹੈ ਤਾਂ ਅੰਕ ਘਟ ਜਾਂਦੇ ਹਨ। ਕੁੱਲ 10 ਅੰਕਾਂ ਦੇ ਇਸ ਟੈਸਟ ’ਚ ਚੰਗਾ ਸਕੋਰ ਇਹ ਦਰਸਾਉਂਦਾ ਹੈ ਕਿ ਵਿਅਕਤੀ ਦਾ ਸਰੀਰ ਸੰਤੁਲਿਤ ਤੇ ਮਜ਼ਬੂਤ ਹੈ, ਜਦਕਿ ਘੱਟ ਸਕੋਰ ਭਵਿੱਖ ’ਚ ਡਿੱਗਣ ਅਤੇ ਸਿਹਤ ਜੋਖਮ ਦਾ ਸੰਕੇਤ ਹੋ ਸਕਦਾ ਹੈ।

2. ਵਾਕਿੰਗ ਸਪੀਡ ਟੈਸਟ : ਚੱਲਣ ਦੀ ਆਮ ਰਫਤਾਰ ਕਿਸੇ ਵਿਅਕਤੀ ਦੀ ਸੰਪੂਰਨ ਫਿਟਨੈੱਸ ਤੇ ਸਿਹਤ ਦਾ ਅਹਿਮ ਸੰਕੇਤ ਮੰਨੀ ਜਾਂਦੀ ਹੈ। ਇਸ ਟੈਸਟ ’ਚ 4 ਮੀਟਰ ਦੀ ਦੂਰੀ ਨੂੰ ਆਮ ਚਾਲ ’ਚ ਤੈਅ ਕਰਨ ਦਾ ਸਮਾਂ ਮਾਪਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਬਹੁਤ ਘੱਟ ਰਫਤਾਰ ਨਾਲ ਤੁਰਦਾ ਹੈ ਤਾਂ ਇਹ ਦਿਲ, ਮਾਸਪੇਸ਼ੀਆਂ ਜਾਂ ਨਾੜੀ ਪ੍ਰਣਾਲੀ ’ਚ ਸੰਭਾਵਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਸੰਤੁਲਿਤ ਤੇ ਤੇਜ਼ ਚਾਲ ਬਿਹਤਰ ਸਿਹਤ ਤੇ ਲੰਮੀ ਉਮਰ ਨਾਲ ਜੁੜੀ ਹੁੰਦੀ ਹੈ।

3. ਗ੍ਰਿਪ ਸਟ੍ਰੈਂਥ ਟੈਸਟ : ਹੱਥਾਂ ਦੀ ਪਕੜ ਦੀ ਤਾਕਤ ਵਿਅਕਤੀ ਦੀ ਰੋਜ਼ਾਨਾ ਦੀ ਸਰਗਰਮੀ ਅਤੇ ਸਰੀਰਕ ਸਮਰੱਥਾ ਨੂੰ ਦਰਸਾਉਂਦੀ ਹੈ। ਇਸ ਟੈਸਟ ਲਈ ਵਿਅਕਤੀ ਨੇ ਦੋਵਾਂ ਹੱਥਾਂ ’ਚ ਭਾਰ ਫੜ ਕੇ ਕੁਝ ਸਮੇਂ ਤੱਕ ਚੱਲਣ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। ਮਜ਼ਬੂਤ ਗ੍ਰਿਪ ਇਹ ਸੰਕੇਤ ਦਿੰਦੀ ਹੈ ਕਿ ਵਿਅਕਤੀ ਰੋਜ਼ਾਨਾ ਦੇ ਕੰਮ ਜਿਵੇਂ ਸਾਮਾਨ ਚੁੱਕਣਾ, ਦਰਵਾਜ਼ਾ ਖੋਲ੍ਹਣਾ ਜਾਂ ਹੋਰ ਸਰੀਰਕ ਸਰਗਰਮੀਆਂ ਆਸਾਨੀ ਨਾਲ ਕਰ ਸਕਦਾ ਹੈ। ਦੂਜੇ ਪਾਸੇ ਕਮਜ਼ੋਰ ਪਕੜ ਇਹ ਦਰਸਾਉਂਦੀ ਹੈ ਕਿ ਸਰੀਰ ਦੀ ਸਮੁੱਚੀ ਤਾਕਤ ’ਚ ਕਮੀ ਹੋ ਸਕਦੀ ਹੈ।

4. ਸਿੰਗਲ-ਲੈੱਗ ਸਟੈਂਡ ਟੈਸਟ : ਇਹ ਟੈਸਟ ਸਰੀਰ ਦੇ ਸੰਤੁਲਨ ਤੇ ਸਥਿਰਤਾ ਨੂੰ ਮਾਪਣ ਲਈ ਕੀਤਾ ਜਾਂਦਾ ਹੈ। ਇਸ ਵਿਚ ਵਿਅਕਤੀ ਨੇ ਇਕ ਪੈਰ ’ਤੇ ਖੜ੍ਹਾ ਹੋ ਕੇ ਘੱਟੋ-ਘੱਟ 10 ਸਕਿੰਟ ਤੱਕ ਸੰਤੁਲਨ ਬਣਾਈ ਰੱਖਣਾ ਹੁੰਦਾ ਹੈ। ਜਿਹੜੇ ਲੋਕ ਇਸ ਸਮੇਂ ਤੱਕ ਸੰਤੁਲਨ ਨਹੀਂ ਬਣਾ ਸਕਦੇ, ਉਨ੍ਹਾਂ ਦੇ ਭਵਿੱਖ ’ਚ ਡਿੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਸੰਤੁਲਨ ਬਣਾਈ ਰੱਖਣ ਦੀ ਸਮਰੱਥਾ ਉਮਰ ਦੇ ਨਾਲ ਘੱਟ ਹੁੰਦੀ ਜਾਂਦੀ ਹੈ, ਇਸ ਲਈ ਇਸ ਟੈਸਟ ਰਾਹੀਂ ਸਮਾਂ ਰਹਿੰਦੇ ਆਪਣੀ ਕਮਜ਼ੋਰੀ ਨੂੰ ਪਛਾਣ ਕੇ ਸੁਧਾਰ ਕੀਤਾ ਜਾ ਸਕਦਾ ਹੈ।

ਫਿਟਨੈੱਸ ਹੀ ਹੈ ਲੰਮੀ ਉਮਰ ਦੀ ਕੁੰਜੀ–
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਟੈਸਟਾਂ ’ਚ ਚੰਗੀ ਕਾਰਗੁਜ਼ਾਰੀ ਨਹੀਂ ਦਿਖਾਉਂਦੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ। ਨਿਯਮਿਤ ਕਸਰਤ, ਸੰਤੁਲਨ ਅਭਿਆਸ ਅਤੇ ਹਲਕੀ-ਫੁਲਕੀ ਐਕਟੀਵਿਟੀ ਨਾਲ ਇਨ੍ਹਾਂ ਸਾਰੇ ਮਾਪਦੰਡਾਂ ’ਚ ਸੁਧਾਰ ਕੀਤਾ ਜਾ ਸਕਦਾ ਹੈ। ਇਹ ਚਾਰ ਆਸਾਨ ਟੈਸਟ ਨਾ ਸਿਰਫ਼ ਤੁਹਾਡੀ ਮੌਜੂਦਾ ਫਿਟਨੈੱਸ ਦਾ ਆਈਨਾ ਹਨ, ਸਗੋਂ ਇਹ ਤੁਹਾਡੀ ਭਵਿੱਖ ਦੀ ਸਿਹਤ ਦਾ ਸੰਕੇਤ ਵੀ ਦਿੰਦੇ ਹਨ। ਜੇਕਰ ਤੁਸੀਂ ਹੁਣੇ ਤੋਂ ਆਪਣੀ ਫਿਟਨੈੱਸ ਵੱਲ ਧਿਆਨ ਦਿੰਦੇ ਹੋ ਤਾਂ ਨਾ ਸਿਰਫ਼ ਲੰਮੀ ਉਮਰ, ਸਗੋਂ ਬਿਹਤਰ ਤੇ ਸੁਤੰਤਰ ਜੀਵਨ ਜੀਅ ਸਕਦੇ ਹੋ।
 


author

Inder Prajapati

Content Editor

Related News