ਕੀ ਅਗਲੇ ਸਾਲ ਹੋਣਗੀਆਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ? CBSE ਬੋਰਡ ਨੇ ਦਿੱਤੀ ਵੱਡੀ ਜਾਣਕਾਰੀ
Friday, Nov 20, 2020 - 08:46 PM (IST)
ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੱਧਦੇ ਕੋਰੋਨਾ ਵਾਇਰਸ ਮਾਮਲਿਆਂ ਵਿਚਾਲੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਬੋਰਡ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਵੱਡੀ ਜਾਣਕਾਰੀ ਦਿੱਤੀ ਹੈ। ਅਨੁਰਾਗ ਮੁਤਾਬਕ ਅਗਲੇ ਸਾਲ 2021 'ਚ ਸੀ.ਬੀ.ਐੱਸ.ਈ. ਦੀ ਜਮਾਤ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਯਕੀਨੀ ਤੌਰ 'ਤੇ ਹੋਣਗੀਆਂ ਅਤੇ ਛੇਤੀ ਹੀ ਇਸ ਸਿਲਸਿਲੇ 'ਚ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਦੱਸ ਦਈਏ ਕਿ ਸੀ.ਬੀ.ਐੱਸ.ਈ. ਬੋਰਡ ਸਕੱਤਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ COVID-19 ਮਾਮਲਿਆਂ ਦੇ ਮੱਦੇਨਜ਼ਰ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਨੂੰ ਲੈ ਕੇ ਲੋਕਾਂ 'ਚ ਵੱਖ-ਵੱਖ ਅੰਦਾਜੇ ਲਗਾਏ ਜਾ ਰਹੇ ਹਨ।
10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਹੋਣਗੀਆਂ?
ਭਾਰਤੀ ਵਪਾਰ ਅਤੇ ਉਦਯੋਗ ਮੰਡਲ ਦੁਆਰਾ ਆਯੋਜਿਤ ਪ੍ਰੋਗਰਾਮ ਨਵੀਂ ਸਿੱਖਿਆ ਨੀਤੀ (ਐੱਨ.ਈ.ਪੀ.) : ਇੱਕ ਉੱਜਵਲ ਭਵਿੱਖ 'ਚ ਅਨੁਰਾਗ ਤ੍ਰਿਪਾਠੀ ਨੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਯਕੀਨੀ ਤੌਰ 'ਤੇ ਹੋਣਗੀਆਂ ਅਤੇ ਬਹੁਤ ਛੇਤੀ ਹੀ ਇੱਕ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ। ਸੀ.ਬੀ.ਐੱਸ.ਈ. ਯੋਜਨਾ ਬਣਾ ਰਹੀ ਹੈ ਅਤੇ ਛੇਤੀ ਹੀ ਇਹ ਦੱਸੇਗੀ ਕਿ ਉਹ ਕੋਰੋਨਾ ਕਾਲ 'ਚ ਕਿਸ ਤਰ੍ਹਾਂ ਪ੍ਰੀਖਿਆਵਾਂ ਦਾ ਪ੍ਰਬੰਧ ਕਰੇਗੀ। ਹਾਲਾਂਕਿ, ਅਨੁਰਾਗ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਪ੍ਰੀਖਿਆਵਾਂ ਇੱਕ ਹੀ ਫਾਰਮੈਟ 'ਚ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਫਰਵਰੀ-ਮਾਰਚ 'ਚ ਤੈਅ ਪ੍ਰੋਗਰਾਮ ਦੇ ਅਨੁਸਾਰ ਆਯੋਜਿਤ ਕੀਤੀਆਂ ਜਾਣਗੀਆਂ ਜਾਂ ਮੁਲਤਵੀ ਕੀਤੀਆਂ ਜਾਣਗੀਆਂ।