ਗਲਤ ਸੂਚਨਾ ਦਾ ਪ੍ਰਸਾਰ ਰੋਕਣ ''ਚ ਮਦਦਗਾਰ ਹੋਵੇਗਾ: ''AI''
Thursday, Sep 19, 2024 - 03:52 PM (IST)
ਨਵੀਂ ਦਿੱਲੀ- ਆਰਟੀਫੀਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਏ. ਆਈ. ਤਕਨੀਕਾਂ ਸੋਸ਼ਲ ਮੀਡੀਆ ਅਤੇ ਆਨਲਾਈਨ ਪਲੇਟਫਾਰਮਾਂ 'ਤੇ ਫੈਲਣ ਵਾਲੀਆਂ ਝੂਠੀਆਂ ਖ਼ਬਰਾਂ ਅਤੇ ਗਲਤ ਸੂਚਨਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੋਕਣ ਵਿਚ ਸਮਰੱਥ ਹੈ। ਏ. ਆਈ. ਐਲਗੋਰਿਦਮ ਅਸਲ ਸਮੇਂ ਵਿਚ ਡੇਟਾ ਦਾ ਵਿਸ਼ਲੇਸ਼ਣ ਕਰਕੇ ਸ਼ੱਕੀ ਜਾਣਕਾਰੀ ਦੀ ਪਛਾਣ ਕਰ ਸਕਦੇ ਹਨ। ਇਸ ਤੋਂ ਇਲਾਵਾ ਏ. ਆਈ. ਅਧਾਰਤ ਟੂਲਸ ਦੀ ਵਰਤੋਂ ਜਾਅਲੀ ਖ਼ਬਰਾਂ ਨੂੰ ਫਲੈਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਨਾਲ ਬਦਲਣ ਲਈ ਕੀਤੀ ਜਾ ਸਕਦੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਡਿਏਗੋ ਦੇ ਰੈਡੀ ਸਕੂਲ ਆਫ਼ ਮੈਨੇਜਮੈਂਟ ਦੇ ਨਵੇਂ ਅਧਿਐਨ ਮੁਤਾਬਕ ਮਸ਼ੀਨ ਲਰਨਿੰਗ ਐਲਗੋਰਿਦਮ ਗੱਲਬਾਤ ਦੌਰਾਨ ਝੂਠ ਦਾ ਪਤਾ ਲਾਉਣ ’ਚ ਮਨੁੱਖਾਂ ਨਾਲੋਂ ਬਿਹਤਰ ਫੈਸਲੇ ਲੈ ਸਕਦੀ ਹੈ। ਇਸ ਨਾਲ ਗਲਤ ਸੂਚਨਾ ਦੇ ਪ੍ਰਸਾਰ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾ ਸਕਦਾ ਹੈ, ਕਿਉਂਕਿ ਯੂ-ਟਿਊਬ, ਟਿੱਕ-ਟਾਕ ਅਤੇ ਇੰਸਟਾਗ੍ਰਾਮ ਵਰਗੇ ਵੱਡੇ ਪਲੇਟਫਾਰਮਾਂ ’ਤੇ ਗਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਏ. ਆਈ. ਨਾਲ ਸਬੰਧਤ ਇਹ ਅਧਿਐਨ ‘ਮੈਨੇਜਮੈਂਟ ਵਿਗਿਆਨ’ ਵਿਚ ਛਪਿਆ ਸੀ। ਇਸ ਤਰ੍ਹਾਂ ਏ. ਆਈ. ਤਕਨੀਕਾਂ ਸਹੀ ਅਤੇ ਗਲਤ ਸੂਚਨਾਵਾਂ ਵਿਚਾਲੇ ਫਰਕ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ, ਜਿਸ ਨਾਲ ਸਮਾਜ ਵਿਚ ਸਮੂਹਿਕ ਰੂਪ ਨਾਲ ਸੂਚਨਾਵਾਂ ਦਾ ਪ੍ਰਸਾਰ ਵਧੇਰੇ ਸੱਚਾ ਅਤੇ ਭਰੋਸੇਮੰਦ ਹੈ।