ਸਰਕਾਰੀ ਕਾਮਿਆਂ ਲਈ ਸਰਕਾਰ ਦਾ ਐਲਾਨ, ਮਾਪਿਆਂ ਨਾਲ ਸਮਾਂ ਬਿਤਾਉਣ ਲਈ ਮਿਲਣਗੀਆਂ ਛੁੱਟੀਆਂ
Friday, Jul 12, 2024 - 12:26 PM (IST)
ਗੁਹਾਟੀ (ਭਾਸ਼ਾ)- ਆਸਾਮ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਮਾਤਾ-ਪਿਤਾ ਜਾਂ ਸੱਸ-ਸਹੁਰੇ ਦੇ ਨਾਲ ਸਮਾਂ ਬਿਤਾਉਣ ਲਈ ਨਵੰਬਰ 'ਚ 2 ਦਿਨ ਦੀ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਵੀਰਵਾਰ ਨੂੰ ਕਿਹਾ ਕਿ ਵਿਸ਼ੇਸ਼ ਛੁੱਟੀ ਨੂੰ ਨਿੱਜੀ ਮਨੋਰੰਜਨ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਅਤੇ ਜਿਹੜੇ ਕਰਮਚਾਰੀਆਂ ਦੇ ਮਾਤਾ-ਪਿਤਾ ਜਾਂ ਸੱਸ-ਸਹੁਰਾ ਨਹੀਂ ਹਨ, ਉਨ੍ਹਾਂ ਨੂੰ ਛੁੱਟੀਆਂ ਨਹੀਂ ਮਿਲਣਗੀਆਂ। ਸੀ.ਐੱਮ.ਓ. ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮੁੱਖ ਮੰਤਰੀ ਹਿਮੰਤ ਵਿਸ਼ਵ ਸਰਮਾ ਦੀ ਅਗਵਾਈ 'ਚ ਆਸਾਮ ਸਰਕਾਰ ਨੇ 6 ਅਤੇ 8 ਨਵੰਬਰ 2024 ਨੂੰ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸੱਸ-ਸਹੁਰੇ ਨਾਲ ਸਮਾਂ ਬਿਤਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਹੈ।''
ਇਸ 'ਚ ਕਿਹਾ ਗਿਆ ਹੈ ਕਿ ਛੁੱਟੀਆਂ ਦਾ ਇਸਤੇਮਾਲ ਸਿਰਫ਼ ਬਜ਼ੁਰਗ ਹੁੰਦੇ ਮਾਤਾ-ਪਿਤਾ ਜਾਂ ਸੱਸ-ਸਹੁਰੇ ਨਾਲ ਸਮਾਂ ਬਿਤਾਉਣ ਲਈ ਕੀਤਾ ਜਾਵੇਗਾ ਨਾ ਕਿ ਨਿੱਜੀ ਮਨੋਰੰਜਨ ਲਈ ਤਾਂ ਕਿ ਉਨ੍ਹਾਂ ਦਾ ਸਨਮਾਨ ਕੀਤਾ ਜਾਵੇ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਸਕੇ।'' ਸੀ.ਐੱਮ.ਓ. ਨੇ ਕਿਹਾ ਕਿ 7 ਨਵੰਬਰ ਨੂੰ ਛਠ ਪੂਜਾ, 9 ਨਵੰਬਰ ਨੂੰ ਦੂਜੇ ਸ਼ਨੀਵਾਰ ਦੀ ਛੁੱਟੀ ਅਤੇ 10 ਨਵੰਬਰ ਨੂੰ ਐਤਵਾਰ ਦੀ ਛੁੱਟੀ ਦੇ ਨਾਲ ਹੀ ਇਨ੍ਹਾਂ ਛੁੱਟੀਆਂ ਨੂੰ ਲਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ 'ਚ ਕੰਮ ਕਰ ਰਹੇ ਕਰਮਚਾਰੀ ਚਰਨਬੱਧ ਤਰੀਕੇ ਨਾਲ ਇਸ ਨੂੰ ਲੈ ਸਕਦੇ ਹਨ। ਮੁੱਖ ਮੰਤਰੀ ਸਰਮਾ ਨੇ 2021 'ਚ ਅਹੁਦਾ ਸੰਭਾਲਣ ਤੋਂ ਬਾਅਦ ਆਜ਼ਾਦੀ ਦਿਹਾੜੇ 'ਤੇ ਆਪਣੇ ਪਹਿਲੇ ਭਾਸ਼ਣ 'ਚ ਇਨ੍ਹਾਂ ਵਿਸ਼ੇਸ਼ ਛੁੱਟੀਆਂ ਦਾ ਐਲਾਨ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e