ਪਤਨੀ ਨੇ ਪ੍ਰੇਮੀ ਨਾਲ ਮਿਲ ਪਤੀ ਨੂੰ ਕਰਵਾਇਆ ਅਗਵਾ, ਫਿਰ ਬੇਰਹਿਮੀ ਨਾਲ ਕੀਤਾ ਕਤਲ
Monday, Mar 17, 2025 - 03:33 PM (IST)

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਇਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਪਤੀ ਨੂੰ ਅਗਵਾ ਕਰਵਾਉਣ ਤੋਂ ਬਾਅਦ ਉਸ ਦਾ ਕਤਲ ਕਰਵਾ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਔਰਤ ਅਤੇ ਉਸ ਦੇ ਪ੍ਰੇਮੀ ਸਮੇਤ ਸਾਰੇ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਰਾਮ ਅਰਜ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸ਼ਿਵਾਲਾ ਕਲਾਂ ਥਾਣਾ ਦੇ ਪਿੰਡ ਸ਼ਾਹਬਾਜ਼ਪੁਰ ਦੀ ਪਾਰੁਲ ਨੇ 14 ਮਾਰਚ ਨੂੰ ਥਾਣੇ 'ਚ ਦਰਖਾਸਤ ਦਿੱਤੀ ਸੀ ਕਿ ਉਸ ਦਾ ਪਤੀ ਮਕੇਂਦਰ (36) ਇਕ ਦਿਨ ਪਹਿਲਾਂ 13 ਮਾਰਚ ਦੀ ਸ਼ਾਮ ਨੂੰ ਦਵਾਈ ਲੈਣ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਸਕੂਟਰ ਪਿੰਡ ਦੇ ਬਾਹਰ ਖੜ੍ਹਾ ਪਾਇਆ ਗਿਆ। ਏਐੱਸਪੀ ਨੇ ਦੱਸਿਆ ਕਿ 15 ਮਾਰਚ ਨੂੰ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਥਾਣੇ ਦੇ ਪਿੰਡ ਬਵਨਹੇੜੀ ਦੇ ਜੰਗਲ 'ਚ ਮਕੇਂਦਰ ਦੀ ਲਾਸ਼ ਪਈ ਮਿਲੀ। ਉਸ ਦੀ ਗਰਦਨ ਅਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਸਨ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲਸ ਨੂੰ ਜਾਂਚ ਦੌਰਾਨ ਮਕੇਂਦਰ ਦੀ ਪਤਨੀ ਪਾਰੁਲ ਅਤੇ ਵਿਨੀਤ ਸ਼ਰਮਾ ਨਾਂ ਦੇ ਵਿਅਕਤੀ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ। ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਕਤਲ ਦੀ ਸਾਰੀ ਸਾਜ਼ਿਸ਼ ਦਾ ਖੁਲਾਸਾ ਹੋਇਆ। ਰਾਮ ਅਰਜ ਨੇ ਦੱਸਿਆ ਕਿ ਪਾਰੁਲ ਅਤੇ ਵਿਨੀਤ ਨੇ ਪੁਲਸ ਨੂੰ ਦੱਸਿਆ ਕਿ ਮਕੇਂਦਰ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਸੀ ਅਤੇ ਉਸ ਨੇ ਆਪਣੀ ਪਤਨੀ ਦੇ ਮੋਬਾਇਲ 'ਚ ਦੋਵਾਂ ਦੀਆਂ ਇਤਰਾਜ਼ਯੋਗ ਫੋਟੋਆਂ ਵੀ ਦੇਖੀਆਂ ਸਨ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਮਕੇਂਦਰ 13 ਮਾਰਚ ਨੂੰ ਰਾਜਸਥਾਨ ਦੀ ਆਪਣੀ ਨੌਕਰੀ ਤੋਂ ਘਰ ਪਰਤਿਆ ਸੀ। ਦੂਜੇ ਪਾਸੇ ਪਾਰੁਲ ਅਤੇ ਵਿਨੀਤ ਨੇ ਉਨ੍ਹਾਂ ਦੇ ਮਿਲਣ 'ਚ ਰੁਕਾਵਟ ਬਣੇ ਮਕੇਂਦਰ ਨੂੰ ਰਸਤੇ ਹਟਾਉਣ ਦੀ ਯੋਜਨਾ ਬਣਾ ਲਈ ਸੀ। ਪਾਰੁਲ ਨੇ 13 ਮਾਰਚ ਦੀ ਸ਼ਾਮ ਨੂੰ ਮਕੇਂਦਰ ਨੂੰ ਦਵਾਈ ਲਿਆਉਣ ਲਈ ਭੇਜਿਆ ਸੀ। ਵਿਨੀਤ ਆਪਣੇ 7 ਦੋਸਤਾਂ ਨਾਲ ਪਿੰਡ ਦੇ ਬਾਹਰ ਮੌਜੂਦ ਸੀ। ਜਿਵੇਂ ਹੀ ਮਕੇਂਦਰ ਆਪਣੇ ਪਿੰਡ ਤੋਂ ਬਾਹਰ ਆਇਆ ਤਾਂ ਸਾਰੇ ਉਸ ਨੂੰ ਕਾਰ 'ਚ ਬਿਠਾ ਕੇ ਅਮਰੋਹਾ ਦੇ ਪਿੰਡ ਬਵਨਹੇੜੀ ਦੇ ਜੰਗਲ 'ਚ ਲੈ ਆਏ, ਜਿੱਥੇ ਵਿਨੀਤ ਨੇ ਆਪਣੀ ਬੈਲਟ ਨਾਲ ਮੱਕੇਂਦਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਇਕ ਹੋਰ ਮੁਲਜ਼ਮ ਨੇ ਲੋਹੇ ਦੀ ਰਾਡ ਨਾਲ ਮਕੇਂਦਰ ਦੇ ਸਿਰ 'ਚ ਵਾਰ ਕੀਤਾ। ਮੁਲਜ਼ਮ ਮਕੇਂਦਰ ਦੀ ਲਾਸ਼ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਏਐੱਸਪੀ ਨੇ ਦੱਸਿਆ ਕਿ ਪੁਲਸ ਨੇ ਪਾਰੁਲ ਅਤੇ ਵਿਨੀਤ ਸਮੇਤ ਸਾਰੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਵਾਰਦਾਤ 'ਚ ਵਰਤੀ ਗਈ ਕਾਰ, 6 ਮੋਬਾਈਲ ਫੋਨ, ਬੈਲਟ ਅਤੇ ਲੋਹੇ ਦੀ ਰਾਡ ਬਰਾਮਦ ਕਰ ਲਈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਸ ਅਨੁਸਾਰ ਪਾਰੁਲ ਅਤੇ ਵਿਨੀਤ ਵਿਚਾਲੇ ਕਰੀਬ 8 ਮਹੀਨਿਆਂ ਤੋਂ ਨਾਜਾਇਜ਼ ਸਬੰਧਾਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8