ਪਤਨੀ ਦੀ ਹੱਤਿਆ ਕਰ ਕੇ ਲਾਸ਼ ਖੂਹ ’ਚ ਸੁੱਟੀ, ਪਤੀ ਗ੍ਰਿਫ਼ਤਾਰ
Sunday, Sep 21, 2025 - 01:25 AM (IST)

ਹਾਪੁੜ - ਹਾਪੁੜ ਦੇ ਸਿੰਭੌਲੀ ਨੇੜੇ ਵੈਥ ਪਿੰਡ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਉਸ ਦੀ ਲਾਸ਼ ਨੂੰ ਪਲਾਸਟਿਕ ਦੀ ਬੋਰੀ ’ਚ ਪਾ ਕੇ ਖੂਹ ਵਿਚ ਸੁੱਟ ਦਿੱਤਾ।
ਔਰਤ ਦੇ ‘ਲਾਪਤਾ’ ਹੋਣ ਤੋਂ ਤਿੰਨ ਦਿਨ ਬਾਅਦ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਪਿੰਡ ਵਾਸੀਆਂ ਨੇ ਖੂਹ ’ਚੋਂ ਬਦਬੂ ਆਉਣ ’ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਗੁਲਸ਼ਨ ਪਰਵੀਨ (35) ਦੀ ਲਾਸ਼ ਬਰਾਮਦ ਕੀਤੀ। ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਪਤੀ ਆਜ਼ਾਦ, ਸਹੁਰਾ ਹਕੀਕਤ, ਜੀਜਾ ਸ਼ਹਿਜ਼ਾਦ, ਸ਼ੇਰ ਮੁਹੰਮਦ ਤੇ ਸੱਸ ਜ਼ੈਦਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸੀ. ਓ. ਸਤੂਤੀ ਸਿੰਘ ਨੇ ਦੱਸਿਆ ਕਿ ਮੁੱਖ ਮੁਲਜ਼ਮ ਪਤੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ, ਜਿੱਥੇ ਉਸ ਨੇ ਅਪਰਾਧ ਕਬੂਲ ਕਰ ਲਿਆ।
ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਬੇਹੋਸ਼ ਕਰਨ ਲਈ ਨਸ਼ੀਲਾ ਪਦਾਰਥ ਪਿਆਇਆ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਲਾਸ਼ ਨੂੰ ਖੂਹ ’ਚ ਸੁੱਟ ਦਿੱਤਾ। ਪਰਿਵਾਰਕ ਝਗੜੇ ਅਤੇ ਵਿੱਤੀ ਖਰਚਿਆਂ ਨੂੰ ਲੈ ਕੇ ਰੋਜ਼ਾਨਾ ਹੋਣ ਵਾਲੀਆਂ ਲੜਾਈਆਂ ਨੂੰ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਗੁਲਸ਼ਨ ਪਰਵੀਨ ਦੀਆਂ ਤਿੰਨ ਧੀਆਂ ਤੇ ਇਕ ਪੁੱਤਰ ਹੈ। ਮਾਂ ਦੀ ਮੌਤ ਕਾਰਨ ਬੱਚਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਸੋਗ ਤੇ ਗੁੱਸੇ ਨਾਲ ਭਰ ਗਿਆ ਹੈ। ਪੁਲਸ ਨੇ ਪਤੀ ਨੂੰ ਜੇਲ ਭੇਜ ਦਿੱਤਾ ਹੈ। ਦੂਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।