ਪਤੀ ਦੁਆਰਾ ਖਰੀਦੀ ਜਾਇਦਾਦ ''ਚ ਪਤਨੀ ਬਰਾਬਰ ਦੀ ਹੱਕਦਾਰ : ਮਦਰਾਸ ਹਾਈ ਕੋਰਟ

06/27/2023 3:47:14 PM

ਚੇਨਈ, (ਭਾਸ਼ਾ)– ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਇਕ ਪਤਨੀ ਆਪਣੇ ਪਤੀ ਵਲੋਂ ਖਰੀਦੀ ਗਈ ਜਾਇਦਾਦ ’ਚ ਬਰਾਬਰ ਦੀ ਹੱਕਦਾਰ ਹੈ ਅਤੇ ਕਿਹਾ ਕਿ ਪਤਨੀ ਵਲੋਂ ਨਿਭਾਈਆਂ ਗਈਆਂ ਵੱਖ-ਵੱਖ ਭੂਮਿਕਾਵਾਂ ਨੂੰ ਪਤੀ ਦੀ 8 ਘੰਟਿਆਂ ਦੀ ਨੌਕਰੀ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ। ਜਸਟਿਸ ਕ੍ਰਿਸ਼ਨਨ ਰਾਮਾਸਾਮੀ ਨੇ ਇਕ ਜੋੜੇ ਨਾਲ ਜੁੜੇ ਜਾਇਦਾਦ ਵਿਵਾਦ ’ਤੇ ਹੁਕਮ ਦਿੱਤਾ। ਹਾਲਾਂਕਿ ਮੂਲ ਅਪੀਲਕਰਤਾ ਦੀ ਮੌਤ ਹੋ ਗਈ ਹੈ।

ਵਿਅਕਤੀ ਨੇ ਜਾਇਦਾਦ ’ਤੇ ਮਾਲਕਾਨਾ ਹੱਕ ਦਾ ਦਾਅਵਾ ਜਤਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਦੇ ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਵੀ ਸਬੰਧ ਸਨ। ਬਾਅਦ ’ਚ ਵਿਅਕਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਮਾਮਲੇ ’ਚ ਸ਼ਾਮਲ ਕੀਤਾ ਗਿਆ। ਜੱਜ ਨੇ ਕਿਹਾ ਕਿ ਪ੍ਰਤੀਵਾਦੀ ਔਰਤ ਇਕ ਘਰੇਲੂ ਔਰਤ ਹੈ ਅਤੇ ਭਾਵੇਂ ਹੀ ਉਸ ਨੇ ਕੋਈ ਸਿੱਧਾ ਮਾਲੀ ਯੋਗਦਾਨ ਨਹੀਂ ਦਿੱਤਾ ਪਰ ਉਸ ਨੇ ਬੱਚਿਆਂ ਦੀ ਦੇਖਭਾਲ, ਖਾਣਾ ਬਣਾਉਣਾ, ਸਫਾਈ ਕਰਨਾ ਅਤੇ ਪਰਿਵਾਰ ਦੇ ਰੋਜ਼ਾਨਾਂ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਕੇ ਘਰੇਲੂ ਕੰਮਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

ਜਸਟਿਸ ਨੇ ਕਿਹਾ ਕਿ ਪ੍ਰਤੀਵਾਦੀ ਔਰਤ ਨੇ ਆਪਣੇ ਪਤੀ ਦੀ ਹਰ ਸਹੂਲਤ ਦਾ ਖਿਆਲ ਰੱਖਿਆ, ਜਿਸ ਕਾਰਨ ਉਹ ਕੰਮ ਲਈ ਵਿਦੇਸ਼ ਜਾ ਸਕਿਆ। ਉਨ੍ਹਾਂ ਕਿਹਾ ਕਿ ਔਰਤ ਇਕ ਘਰੇਲੂ ਔਰਤ ਹੋਣ ਦੇ ਨਾਤੇ ਕਈ ਤਰ੍ਹਾਂ ਦੇ ਕੰਮ ਕਰਦੀ ਹੈ। ਉਹ ਮੈਨੇਜਰ, ਰਸੋਈਆ, ਘਰੇਲੂ ਡਾਕਟਰ ਅਤੇ ਘਰ ਦੀ ਅਰਥਸ਼ਾਸਤਰੀ ਵੀ ਹੁੰਦੀ ਹੈ। ਯਕੀਨੀ ਤੌਰ ਤੇ ਇਹ ਕੋਈ ਕੀਮਤਹੀਣ ਕੰਮ ਨਹੀਂ ਹੈ ਸਗੋਂ ਇਹ ਬਿਨਾਂ ਛੁੱਟੀਆਂ ਦੇ 24 ਘੰਟਿਆਂ ਵਾਲੀ ਨੌਕਰੀ ਹੈ, ਜਿਸ ਨੂੰ ਉਸ ਦੇ ਕਮਾਊ ਪਤੀ ਦੀ ਨੌਕਰੀ ਤੋਂ ਬਿਲਕੁਲ ਘੰਟ ਨਹੀਂ ਸਮਝਿਆ ਜਾ ਸਕਦਾ, ਜੋ ਸਿਰਫ 8 ਘੰਟੇ ਕੰਮ ਕਰਦਾ ਹੈ।


Rakesh

Content Editor

Related News