ਪੂਜਾ ਦੌਰਾਨ ਹੋਏ ਵਿਵਾਦ ਤੋਂ ਬਾਅਦ ਪਤਨੀ ਤੇ 2 ਪੁਜਾਰੀਆਂ ਦਾ ਗੋਲੀ ਮਾਰ ਕੇ ਕਤਲ
Tuesday, Sep 22, 2026 - 10:55 PM (IST)
ਆਜ਼ਮਗੜ੍ਹ (ਉੱਤਰ ਪ੍ਰਦੇਸ਼) : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਅਹਰੌਲਾ ਥਾਣਾ ਖੇਤਰ ਅਧੀਨ ਆਉਂਦੇ ਸ਼ੰਭੂਪੁਰ ਪਿੰਡ ਵਿੱਚ ਮੰਗਲਵਾਰ (22 ਸਤੰਬਰ) ਸ਼ਾਮ ਪੂਜਾ ਦੌਰਾਨ ਹੋਏ ਵਿਵਾਦ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਪੰਡਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਟ੍ਰਿਪਲ ਮਰਡਰ ਦੀ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਲਗਭਗ 6 ਵਜੇ ਅਰਵਿੰਦ ਸਿੰਘ ਨਾਮ ਦਾ ਵਿਅਕਤੀ ਬਾਜ਼ਾਰ ਤੋਂ ਆਪਣੇ ਘਰ ਪਹੁੰਚਿਆ। ਉਸ ਸਮੇਂ ਘਰ ਵਿੱਚ ਪੂਜਾ ਚੱਲ ਰਹੀ ਸੀ, ਜਿਸ ਵਿੱਚ ਚਾਰ ਪੁਜਾਰੀ, ਅਰਵਿੰਦ ਦੀ ਪਤਨੀ ਬਬੀਤਾ, ਇੱਕ ਬੇਟਾ ਅਤੇ ਇੱਕ ਬੇਟੀ ਮੌਜੂਦ ਸਨ। ਅਰਵਿੰਦ ਨੇ ਘਰ ਵਿੱਚ ਪੂਜਾ ਹੁੰਦੀ ਦੇਖ ਕੇ ਪੁਜਾਰੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਤੋਂ ਆਧਾਰ ਕਾਰਡ ਮੰਗਣੇ ਸ਼ੁਰੂ ਕਰ ਦਿੱਤੇ। ਆਧਾਰ ਕਾਰਡ ਮੰਗਣ ਨੂੰ ਲੈ ਕੇ ਅਰਵਿੰਦ ਅਤੇ ਪੁਜਾਰੀਆਂ ਵਿਚਕਾਰ ਤਿੱਖੀ ਬਹਿਸ ਹੋ ਗਈ।
ਬਹਿਸ ਦੌਰਾਨ ਹੀ ਅਰਵਿੰਦ ਨੇ ਘਰ ਵਿੱਚ ਰੱਖੀ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਉਸ ਦੀ ਪਤਨੀ ਬਬੀਤਾ, ਪੁਜਾਰੀ ਮਹਿੰਦਰ ਪਾਠਕ ਅਤੇ ਇੱਕ ਹੋਰ ਪੁਜਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਤਿੰਨਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਅਤੇ ਐੱਸ.ਐੱਸ.ਪੀ. ਸਮੇਤ ਪੁਲਸ ਦੇ ਚੋਟੀ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
