ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਲੱਕੜ ਦਾ ਬਾਲਾ ਮਾਰ ਕੇ ਕੀਤੀ ਕਤਲ

Tuesday, Sep 22, 2026 - 01:54 PM (IST)

ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਲੱਕੜ ਦਾ ਬਾਲਾ ਮਾਰ ਕੇ ਕੀਤੀ ਕਤਲ

ਮੋਗਾ (ਆਜ਼ਾਦ) : ਦੋ ਧਿਰਾਂ ਵਿਚਕਾਰ ਚੱਲ ਰਹੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਾਘਾ ਪੁਰਾਣਾ ਦੇ ਨੇੜਲੇ ਬੱਧਨੀ ਕਲਾਂ ਵਾਸੀ ਇਕ ਨੌਜਵਾਨ ਦੀ ਲੱਕੜ ਦੇ ਬਾਲੇ ਨਾਲ ਵਾਰ ਕਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੀ ਪੁਲਸ ਵਲੋਂ ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗਗਨਦੀਪ ਸਿੰਘ ਉਰਫ਼ ਡੁੱਗੀਮੈਨ ਵਾਸੀ ਬੱਧਨੀ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਬੰਸ ਸਿੰਘ ਨੇ ਕਿਹਾ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ।

ਬੀਤੀ 19 ਅਗਸਤ ਦੀ ਦੇਰ ਸ਼ਾਮ ਉਹ ਆਪਣੇ ਪੁੱਤਰ ਅਰਸ਼ਦੀਪ ਸਿੰਘ ਉਰਫ਼ ਲਾਡੀ ਨਾਲ ਦੁਕਾਨ ਤੋਂ ਰਾਸ਼ਨ ਲੈਣ ਲਈ ਜਾ ਰਿਹਾ ਸੀ ਜਦੋਂ ਉਹ ਗਗਨਦੀਪ ਸਿੰਘ ਉਰਫ਼ ਡੁੱਗੀਮੈਨ ਦੇ ਘਰ ਨੇੜੇ ਪਹੁੰਚੇ ਤਾਂ ਕਥਿਤ ਤੌਰ ’ਤੇ ਗਗਨਦੀਪ ਸਿੰਘ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ। ਸ਼ਿਕਾਇਤਕਰਤਾ ਅਨੁਸਾਰ ਕਥਿਤ ਦੋਸ਼ੀ ਨੇ ਉਸਦੇ ਪੁੱਤਰ ਅਰਸ਼ਦੀਪ ਸਿੰਘ ਨੂੰ ਕਿਹਾ ਕਿ ਉਸ ਨੇ ਉਸਦੇ ਪਿਤਾ ਨਾਲ ਗਾਲੀ-ਗਲੋਚ ਕਰ ਕੇ ਬੇਇੱਜ਼ਤੀ ਕੀਤੀ ਸੀ। ਇਸ ਦੌਰਾਨ ਗਗਨਦੀਪ ਸਿੰਘ ਨੇ ਲੱਕੜ ਦੇ ਬਾਲੇ ਨਾਲ ਅਰਸ਼ਦੀਪ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਸ ਨਾਲ ਕਥਿਤ ਤੌਰ ’ਤੇ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਹਮਲੇ ਦੌਰਾਨ ਅਰਸ਼ਦੀਪ ਸਿੰਘ ਹੇਠਾਂ ਡਿੱਗ ਪਿਆ। ਉਸਦੇ ਪਿਤਾ ਵੱਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀ ਅਰਸ਼ਦੀਪ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ। ਇਸ ਦੌਰਾਨ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਹਰਬੰਸ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਡਾਕਟਰਾਂ ਵੱਲੋਂ ਉਸਦੇ ਪੁੱਤਰ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਪਰ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਉਸ ਨੇ ਦੱਸਿਆ ਕਿ ਕਰੀਬ 4-5 ਮਹੀਨੇ ਪਹਿਲਾਂ ਉਸਦੇ ਪੁੱਤਰ ਅਰਸ਼ਦੀਪ ਸਿੰਘ ਦਾ ਗਗਨਦੀਪ ਸਿੰਘ ਉਰਫ਼ ਡੁੱਗੀਮੈਨ ਦੇ ਪਿਤਾ ਡੋਗਰ ਸਿੰਘ ਨਾਲ ਝਗੜਾ ਹੋਇਆ ਸੀ। ਇਸ ਕਾਰਨ ਕਥਿਤ ਦੋਸ਼ੀ ਉਨ੍ਹਾਂ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਹਰਬੰਸ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗਗਨਦੀਪ ਸਿੰਘ ਉਰਫ਼ ਡੁੱਗੀਮੈਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ ਅਤੇ ਉਸ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News