ਪੁਲਸ ਡਾ. ਉਮਰ ਨਬੀ ਨੂੰ ਫੜਣ ’ਚ ਨਾਕਾਮ ਕਿਉਂ ਰਹੀ?
Thursday, Nov 20, 2025 - 11:51 PM (IST)
ਨੈਸ਼ਨਲ ਡੈਸਕ- ਜਾਂਚ ਏਜੰਸੀਆਂ ਕਹਿ ਰਹੀਆਂ ਹਨ ਕਿ ਲਾਲ ਕਿਲਾ ਧਮਾਕੇ ਦਾ ਮਾਸਟਰਮਾਈਂਡ ਡਾ. ਉਮਰ ਨਬੀ ਘਬਰਾ ਗਿਆ ਸੀ ਅਤੇ ਧਮਾਕਾ ਅਚਾਨਕ ਹੋਇਆ ਪਰ ਕਈ ਸਵਾਲਾਂ ਦਾ ਜਵਾਬ ਮਿਲਣਾ ਬਾਕੀ ਹੈ, ਜਿਵੇਂ ਕਿ 30 ਅਕਤੂਬਰ ਨੂੰ ਅਲ-ਫਲਾਹ ਯੂਨੀਵਰਸਿਟੀ ਤੋਂ ਪਹਿਲੀ ਕੜੀ ਮਿਲਣ ਅਤੇ 8-9 ਨਵੰਬਰ ਦੀ ਰਾਤ ਨੂੰ ਜਦੋਂ ਸਾਜ਼ਿਸ਼ ’ਚ ਸ਼ਾਮਲ ਡਾਕਟਰਾਂ ਨੂੰ ਫੜਣ ਲਈ ਇਕੱਠੇ ਛਾਪੇਮਾਰੀ ਕੀਤੀ ਗਈ, ਉਸ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਹਰਿਆਣਾ ਪੁਲਸ ਨੇ ਹਰਿਆਣਾ ਦੇ ਟੋਲ ਪਲਾਜ਼ਿਆਂ ਨੂੰ ਕਿਉਂ ਨਹੀਂ ਅਲਰਟ ਕੀਤਾ?
ਇਹ ਤਾਂ ਤੈਅ ਹੈ ਕਿ ਡਾ. ਉਮਰ ਨਬੀ ਦਾ ਨਾਂ 9 ਨਵੰਬਰ ਨੂੰ ਡਾ. ਮੁਜੰਮਿਲ ਗਨਈ ਨੇ ਉਜਾਗਰ ਕੀਤਾ ਸੀ ਅਤੇ ਉਸ ਦੀ ਭਾਲ ਸ਼ੁਰੂ ਹੋ ਗਈ ਸੀ ਪਰ ਡਾ. ਉਮਰ 30 ਅਕਤੂਬਰ ਨੂੰ ਹੀ ਅਲ-ਫਲਾਹ ਯੂਨੀਵਰਸਿਟੀ ਤੋਂ ਭੱਜ ਗਿਆ ਸੀ। ਉਸ ਨੂੰ ਪਤਾ ਸੀ ਕਿ ਡਾ. ਗਨਈ ਛੇਤੀ ਹੀ ਇਸ ਮਾਡਿਊਲ ’ਚ ਉਸ ਦੀ ਸ਼ਮੂਲੀਅਤ ਦਾ ਖੁਲਾਸਾ ਕਰ ਸਕਦਾ ਹੈ। ਉਹ ਆਪਣੀ ਕਾਰ ਦੇ ਨਾਲ 10 ਦਿਨਾਂ ਤੋਂ ਵੱਧ ਸਮੇਂ ਤੱਕ ਨੇੜਲੇ ਨੂਹ ਸ਼ਹਿਰ ’ਚ ਇਕ ਕਿਰਾਏ ਦੇ ਮਕਾਨ ’ਚ ਲੁਕਿਆ ਰਿਹਾ ਪਰ ਹਰਿਆਣਾ ਦੇ ਸਮੁੱਚੇ ਟੋਲ ਪਲਾਜ਼ਿਆਂ ਨੂੰ ਸਾਰੇ ਬਾਹਰ ਜਾਣ ਵਾਲੇ ਵਾਹਨਾਂ ਦੀ ਤੁਰੰਤ ਜਾਂਚ ਕਰਨ ਲਈ ਸੂਚਿਤ ਨਹੀਂ ਕੀਤਾ ਗਿਆ ਸੀ। ਉਮਰ ਦੀ ਆਈ-20 ਕਾਰ 9 ਨਵੰਬਰ ਦੀ ਅੱਧੀ ਰਾਤ ਨੂੰ ਦਿੱਲੀ ’ਚ ਦਾਖਲ ਹੁੰਦੇ ਸਮੇਂ ਇਕ ਟੋਲ ਪਲਾਜ਼ੇ ’ਤੇ ਵੇਖੀ ਗਈ ਸੀ।
9-10 ਨਵੰਬਰ ਦੌਰਾਨ ਦਿੱਲੀ ’ਚ ਡਾ. ਉਮਰ ਜਾਂ ਉਨ੍ਹਾਂ ਦੀ ਕਾਰ ਐੱਚ. ਆਰ. 26 ਨੂੰ ਲੈ ਕੇ ਕੋਈ ਅਲਰਟ ਨਹੀਂ ਸੀ। ਹੋਰ ਕਮੀਆਂ ਵੀ ਸਨ ਪਰ ਭਾਰਤ ਦੀ ਕਿਸਮਤ ਚੰਗੀ ਸੀ ਕਿ ਇਸ ‘ਡਾਕਟਰ-ਅੱਤਵਾਦੀ’ ਮਾਡਿਊਲ ਦਾ ਸਮਾਂ ਰਹਿੰਦੇ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਪਰਦਾਫਾਸ਼ ਕਰ ਦਿੱਤਾ, ਜਿਨ੍ਹਾਂ ਨੇ ਖੁਦ 2010 ’ਚ ਮੈਡੀਕਲ ਦੀ ਡਿਗਰੀ ਹਾਸਲ ਕੀਤੀ ਸੀ ਪਰ ਪੁਲਸ ’ਚ ਕਰੀਅਰ ਚੁਣਿਆ, ਯੂ. ਪੀ. ਐੱਸ. ਸੀ. ਪ੍ਰੀਖਿਆ ਪਾਸ ਕੀਤੀ ਅਤੇ ਬਾਅਦ ’ਚ 2025 ’ਚ ਸ਼੍ਰੀਨਗਰ ’ਚ ਐੱਸ. ਐੱਸ. ਪੀ. ਵਜੋਂ ਤਾਇਨਾਤ ਹੋਏ।
18 ਅਕਤੂਬਰ ਨੂੰ ਜਦੋਂ ਜੈਸ਼ ਦੇ ਪੋਸਟਰ ਵਿਖਾਈ ਦਿੱਤੇ, ਉਦੋਂ ਨੌਗਾਮ ਪੁਲਸ ਸਟੇਸ਼ਨ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਆਉਂਦਾ ਸੀ। ਐੱਸ. ਐੱਸ. ਪੀ. ਡਾ. ਜੀ. ਵੀ. ਸੰਦੀਪ ਚੱਕਰਵਰਤੀ ਨੇ ਉਨ੍ਹਾਂ ਨੂੰ ਗੁੰਮਰਾਹ ਨੌਜਵਾਨਾਂ ਦੀ ਇਕ ਨਿਯਮਿਤ ਹਰਕਤ ਮੰਨ ਕੇ ਖਾਰਿਜ ਨਹੀਂ ਕੀਤਾ ਅਤੇ ਜਾਂਚ ਦੇ ਹੁਕਮ ਦਿੱਤੇ। ਇਸ ਨਾਲ ਆਤਮਘਾਤੀ ਸਮੂਹ ਦਾ ਪਰਦਾਫਾਸ਼ ਹੋ ਗਿਆ ਅਤੇ 18 ਅਕਤੂਬਰ ਨੂੰ ਕਸ਼ਮੀਰ ਘਾਟੀ ’ਚ ਜੈਸ਼ ਦੇ ਪੋਸਟਰਾਂ ਨਾਲ ਜੋ ਸ਼ੁਰੂ ਹੋਇਆ, ਉਹ 10 ਨਵੰਬਰ ਨੂੰ ਲਾਲ ਕਿਲੇ ’ਚ ਧਮਾਕੇ ਨਾਲ ਖ਼ਤਮ ਹੋਇਆ ਪਰ ਇਸ ਨੂੰ ਟਾਲਿਆ ਜਾ ਸਕਦਾ ਸੀ।
