ਰਾਜੌਰੀ ਦੇ ਤਰਕੁੰਡੀ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

Friday, Mar 06, 2026 - 12:08 AM (IST)

ਰਾਜੌਰੀ ਦੇ ਤਰਕੁੰਡੀ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਰਾਜੌਰੀ, (ਸ਼ਿਵਮ)- ਜੰਮੂ-ਕਸ਼ਮੀਰ ਦੇ ਤਰਕੁੰਡੀ ਸੈਕਟਰ ’ਚ ਕੰਟਰੋਲ ਰੇਖਾ ’ਤੇ ਭਾਰਤੀ ਫੌਜ ਨੇ ਇਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੁੱਧਵਾਰ ਤੜਕੇ ਸ਼ੱਕੀ ਸਰਗਰਮੀ ਦੇਖੇ ਜਾਣ ਤੋਂ ਬਾਅਦ ਫੌਜ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਦੇ ਭਾਰਤ ’ਚ ਘੁਸਪੈਠ ਦੇ ਯਤਨ ਨੂੰ ਨਾਕਾਮ ਕਰ ਦਿੱਤਾ।

ਰੱਖਿਆ ਸੂਤਰਾਂ ਅਨੁਸਾਰ ਫੌਜ ਨੂੰ ਪਹਿਲਾਂ ਤੋਂ ਖੁਫੀਆ ਇਨਪੁਟ ਮਿਲੇ ਸਨ ਕਿ ਸਰਹੱਦ ਪਾਰ ਤੋਂ ਕੁਝ ਅੱਤਵਾਦੀ ਭਾਰਤੀ ਖੇਤਰ ’ਚ ਘੁਸਪੈਠ ਦੀ ਫਿਰਾਕ ’ਚ ਹਨ। ਇਨ੍ਹਾਂ ਸੂਚਨਾਵਾਂ ਦੇ ਆਧਾਰ ’ਤੇ ਐੱਲ. ਓ. ਸੀ. ’ਤੇ ਨਿਗਰਾਨੀ ਅਤੇ ਗਸ਼ਤ ਨੂੰ ਸਖ਼ਤ ਕੀਤਾ ਗਿਆ ਸੀ। ਇਸੇ ਦੌਰਾਨ ਜਵਾਨਾਂ ਨੇ ਅਤਿ-ਆਧੁਨਿਕ ਉਪਕਰਨਾਂ ਦੀ ਮਦਦ ਨਾਲ ਸ਼ੱਕੀ ਹਲਚਲ ਦਾ ਪਤਾ ਲਾਇਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।

ਘਟਨਾ ਤੋਂ ਬਾਅਦ ਪੂਰੇ ਖੇਤਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਵਾਧੂ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਲਾਕੇ ’ਚ ਵਿਆਪਕ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।

ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਖੇਤਰ ’ਚ ਜ਼ਮੀਨ ਦੇ ਨਾਲ-ਨਾਲ ਹਵਾਈ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ। ਡਰੋਨ ਅਤੇ ਹੋਰ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਐੱਲ. ਓ. ਸੀ. ਦੇ ਸੰਵੇਦਨਸ਼ੀਲ ਇਲਾਕਿਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ’ਚ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ’ਚ ਵਾਧਾ ਦੇਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅੱਤਵਾਦੀ ਸੰਗਠਨ ਮੌਸਮ ’ਚ ਬਦਲਾਅ ਅਤੇ ਬਰਫ਼ਬਾਰੀ ਘੱਟ ਹੋਣ ਤੋਂ ਬਾਅਦ ਘੁਸਪੈਠ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੰਦੇ ਹਨ। ਅਜਿਹੇ ’ਚ ਫੌਜ ਅਤੇ ਹੋਰ ਸੁਰੱਖਿਆ ਫੋਰਸਾਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਐੱਲ. ਓ. ਸੀ. ’ਤੇ ਚੌਕਸੀ ਲਗਾਤਾਰ ਵਧਾਈ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਾਵਧਾਨੀ ਵਜੋਂ ਪੂਰੀ ਐੱਲ. ਓ. ਸੀ. ਦੇ ਆਲੇ-ਦੁਆਲੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫੌਜ ਅਤੇ ਸੁਰੱਖਿਆ ਏਜੰਸੀਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਰਹੱਦ ’ਤੇ ਸਖ਼ਤ ਨਿਗਰਾਨੀ ਜਾਰੀ ਹੈ।


author

Rakesh

Content Editor

Related News