ਰਾਹੁਲ ਗਾਂਧੀ ਨੇ ਕੁੜਤਾ-ਪਜਾਮਾ ਪਾਉਣਾ ਕਿਉਂ ਛੱਡਿਆ?
Saturday, Jul 20, 2024 - 09:47 AM (IST)
ਨੈਸ਼ਨਲ ਡੈਸਕ-18ਵੀਂ ਲੋਕ ਸਭਾ ਦੇ ਪਹਿਲੇ ਦਿਨ ਰਾਹੁਲ ਗਾਂਧੀ ਦਾ ਵਿਰੋਧੀ ਧਿਰ ਦੇ ਨੇਤਾ ਵਜੋਂ ਕੁੜਤੇ-ਪਜਾਮੇ ’ਚ ਹਾਊਸ ’ਚ ਆਉਂਣਾ ਸੁਖਦ ਹੈਰਾਨੀ ਵਾਲੀ ਗੱਲ ਸੀ। ਨਵੀਂ ਭੂਮਿਕਾ ’ਚ ਢਲਦੇ ਹੋਏ ਰਾਹੁਲ ਗਾਂਧੀ ਦੀ ਆਮਦ ਨੇ ਭਗਵਾ ਕੈਂਪ ’ਚ ਵੀ ਖਲਬਲੀ ਮਚਾ ਦਿੱਤੀ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ‘ਰਾਹੁਲ...ਰਾਹੁਲ...’ ਦੇ ਨਾਅਰੇ ਲਾ ਕੇ ਆਪਣੇ ਨੇਤਾ ਦਾ ਸਵਾਗਤ ਕੀਤਾ। ਇਹ ਇਕ ਨਵਾਂ ਤਜਰਬਾ ਸੀ, ਕਿਉਂਕਿ ਪਹਿਲਾਂ ਪ੍ਰਧਾਨ ਮੰਤਰੀ ਦੇ ਲੋਕ ਸਭਾ ’ਚ ਦਾਖਲ ਹੋਣ ’ਤੇ ਭਾਜਪਾ ਦੇ ਸੰਸਦ ਮੈਂਬਰ ‘ਮੋਦੀ...ਮੋਦੀ’ ਦੇ ਨਾਅਰੇ ਲਾਉਂਦੇ ਸਨ। ਭਾਜਪਾ ਆਗੂ ਜੋ ਹੁਣ ਤੱਕ ਰਾਹੁਲ ਗਾਂਧੀ ਨੂੰ 'ਪੱਪੂ’ ਜਾਂ ‘ਸ਼ਹਿਜ਼ਾਦਾ’ ਜਾਂ ਹੋਰ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਸਨ, ਸੰਸਦ ’ਚ ਉਨ੍ਹਾਂ ਨੂੰ ਮਿਲੇ ਇੰਨੇ ਸਨਮਾਨ ਤੋਂ ਨਿਰਾਸ਼ ਹਨ।
ਭਾਜਪਾ ਲੀਡਰਸ਼ਿਪ ਵੀ ਲੋਕ ਸਭਾ ’ਚ ਨਵੀਂ ਸਥਿਤੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ਹੈ, ਕਿਉਂਕਿ ਐੱਨ. ਡੀ. ਏ. ਦੀ ਘਟਦੀ ਤਾਕਤ ਦਾ ਮੁਕਾਬਲਾ ਕਰਨ ਲਈ ‘ਇੰਡੀਆ’ ਗੱਠਜੋੜ ਕੋਲ ਲੋੜੀਂਦੇ ਸੰਸਦ ਮੈਂਬਰ ਹਨ। ਭਾਜਪਾ ਦੇ ਕੁਝ ਸੰਸਦ ਮੈਂਬਰਾਂ ਨੇ ਇਹ ਮੰਨਿਆ ਕਿ ਉਨ੍ਹਾਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਚੰਗੀ ਕੀਤੀ ਹੈ। ਬਾਵਜੂਦ ਇਸ ਦੇ ਅਗਲੇ ਹੀ ਦਿਨ ਰਾਹੁਲ ਆਪਣੀ ਮਨਪਸੰਦ ਵਾਲੀ ਟੀ-ਸ਼ਰਟ ਤੇ ਜੀਨਸ ’ਚ ਆਏ। ‘ਟੀਮ ਰਾਹੁਲ ਗਾਂਧੀ’ ਨੇ ਕਿਹਾ ਕਿ ਪਹਿਰਾਵੇ ’ਚ ਇਹ ਤਬਦੀਲੀ ਸੋਸ਼ਲ ਮੀਡੀਆ ’ਤੇ ਲੱਖਾਂ ਫਾਲੋਅਰਜ਼ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਦੇ ਵਧੇਰੇ ਫਾਲੋਅਰਜ਼ 15 ਤੋਂ 45 ਸਾਲ ਦੀ ਉਮਰ ਦੇ ਹਨ। ਉਹ ਉਨ੍ਹਾਂ ਦੇ ‘ਐਂਗਰੀ ਯੰਗਮੈਨ’ ਦੇ ਅਕਸ ਅਤੇ ਉਨ੍ਹਾਂ ਦੇ ਵਤੀਰੇ ਤੋਂ ਖੁਸ਼ ਹਨ।
ਰਾਹੁਲ ਗਾਂਧੀ ਉਨ੍ਹਾਂ ਲੋਕਾਂ ਦੀਆਂ ਟਿੱਪਣੀਆਂ ਤੋਂ ਬੇਪਰਵਾਹ ਹਨ ਜੋ ਸਿਆਸਤਦਾਨਾਂ ਨੂੰ ਆਪਣੀਆਂ ਐਨਕਾਂ ਨਾਲ ਵੇਖਦੇ ਹਨ। ਭਾਜਪਾ ਦੇ ਕੁਝ ਸੰਸਦ ਮੈਂਬਰ ਹੈਰਾਨ ਹਨ ਕਿ ਜੇ ਪ੍ਰਿਯੰਕਾ ਗਾਂਧੀ ਵੀ ਵਾਇਨਾਡ ਤੋਂ ਜਿੱਤਣ ਪਿੱਛੋਂ ਆਪਣੇ ਭਰਾ ਨਾਲ ਜੁੜ ਜਾਂਦੀ ਹੈ ਤਾਂ ਹਾਊਸ ’ਚ ਕੀ ਹੋਵੇਗਾ। ਇਹ ਤਿੰਨੋਂ ਗਾਂਧੀ ਭਾਜਪਾ ਲਈ ਕਾਫੀ ਮੁਸ਼ਕਲ ਖੜੀ ਕਰ ਦੇਣਗੇ।