ਜਦੋਂ ਸੋਨੀਆ-ਰਾਹੁਲ ਨੇ ਹਿਮਾਚਲ ’ਚ ਪ੍ਰਿਯੰਕਾ ਦੀ ਪਸੰਦ ਨੂੰ ਕੀਤਾ ਵੀਟੋ

Wednesday, Dec 14, 2022 - 11:45 AM (IST)

ਜਦੋਂ ਸੋਨੀਆ-ਰਾਹੁਲ ਨੇ ਹਿਮਾਚਲ ’ਚ ਪ੍ਰਿਯੰਕਾ ਦੀ ਪਸੰਦ ਨੂੰ ਕੀਤਾ ਵੀਟੋ

ਨਵੀਂ ਦਿੱਲੀ– ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੇ ਪ੍ਰਿਯੰਕਾ ਗਾਂਧੀ ਵਢੇਰਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਖੁਸ਼ ਕੀਤਾ ਹੋਵੇਗਾ ਕਿਉਂਕਿ ਇਹ ਜਿੱਤ ਪਾਰਟੀ ਲਈ 4 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਆਈ ਹੈ। ਪ੍ਰਿਯੰਕਾ ਨੇ ਹਿਮਾਚਲ ਵਿੱਚ ਆਪਣੇ ਸਮਰਥਕਾਂ ਭੁਪੇਸ਼ ਬਘੇਲ, ਰਾਜੀਵ ਸ਼ੁਕਲਾ, ਭੁਪਿੰਦਰ ਸਿੰਘ ਹੁੱਡਾ, ਸਚਿਨ ਪਾਇਲਟ ਅਤੇ ਕੁਝ ਹੋਰਾਂ ਨਾਲ ਜ਼ੋਰਦਾਰ ਪ੍ਰਚਾਰ ਕੀਤਾ। ਜਦੋਂ ਹਿਮਾਚਲ ਵਿੱਚ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਚੁਣਨ ਦੀ ਗੱਲ ਆਈ ਤਾਂ ਉਹ ਕਾਮਯਾਬ ਨਹੀਂ ਹੋ ਸਕੀ।

ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਮੁਕੇਸ਼ ਅਗਨੀਹੋਤਰੀ ਨੂੰ ਸੀ. ਐੱਮ. ਬਣਾਉਣਾ ਚਾਹੁੰਦੀ ਸੀ। 2 ਆਬਜ਼ਰਵਰਾਂ ਨੇ ਵੀ ਇਸ ਅਹੁਦੇ ਲਈ ਅਗਨੀਹੋਤਰੀ ਦੇ ਨਾਂ ਦੀ ਸਿਫਾਰਿਸ਼ ਕੀਤੀ ਸੀ। ਅਗਨੀਹੋਤਰੀ ਸਵਰਗੀ ਵੀਰਭੱਦਰ ਸਿੰਘ ਦੇ ਕੱਟੜ ਵਫ਼ਾਦਾਰ ਰਹੇ ਹਨ। ਜਦੋਂ ਪ੍ਰਤਿਭਾ ਸਿੰਘ ਨੂੰ ਪਤਾ ਲੱਗਾ ਕਿ ਉਨ੍ਹਾਂ ਕੋਲ ਵਧੇਰੇ ਮਰਥਨ ਨਹੀਂ ਹੈ ਤਾਂ ਉਨ੍ਹਾਂ ਅਗਨੀਹੋਤਰੀ ਦਾ ਸਮਰਥਨ ਕੀਤਾ। ਵੀਰਭੱਦਰ ਸਿੰਘ ਦੇ ਕੱਟੜ ਸਿਆਸੀ ਵਿਰੋਧੀ ਸੁਖਵਿੰਦਰ ਸਿੰਘ ਸੁੱਖੂ ਨੂੰ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਨਾਲ ਸਲਾਹ ਕਰ ਕੇ ਚੁਣਿਆ ਸੀ। ਸੋਨੀਆ ਅਤੇ ਰਾਹੁਲ ਰੰਥਭੌਰ ਨੈਸ਼ਨਲ ਪਾਰਕ ਵਿੱਚ ਸਨ । ਉਨ੍ਹਾਂ ਫੈਸਲਾ ਕੀਤਾ ਕਿ ਸੁੱਖੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ।

ਪਤਾ ਲੱਗਾ ਹੈ ਕਿ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ 10 ਦਸੰਬਰ ਨੂੰ ਕਰਨਾਟਕ ਦੇ ਕਲਬੁਰਗੀ ’ਚ ਸਨ । ਉਹ ਇਕ ਰੈਲੀ ਨੂੰ ਸੰਬੋਧਨ ਕਰਨ ਹੀ ਵਾਲੇ ਸਨ ਕਿ ਉਨ੍ਹਾਂ ਦੇ ਮੋਬਾਈਲ ’ਤੇ ਕਾਲ ਆਈ। ਉਹ ਆਪਣੀ ਸੀਟ ਤੋਂ ਉੱਠ ਕੇ ਸਟੇਜ ਦੇ ਪਿੱਛੇ ਚਲੇ ਗਏ। ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਸੁੱਖੂ ਨੂੰ ਹੀ ਅਗਲਾ ਮੁੱਖ ਮੰਤਰੀ ਐਲਾਨਿਆ ਜਾਏ।

ਇਸ ’ਤੇ ਖੜਗੇ ਨੇ ਤੁਰੰਤ ਹੁੱਡਾ, ਬਘੇਲ ਅਤੇ ਰਾਜੀਵ ਸ਼ੁਕਲਾ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹਿਮਾਚਲ ਦੇ ਰਾਜਪਾਲ ਨੂੰ ਫੈਸਲੇ ਦੀ ਜਾਣਕਾਰੀ ਦੇਣ ਅਤੇ ਐਤਵਾਰ ਨੂੰ ਹੀ ਸਹੁੰ ਚੁਕਾਉਣ ਲਈ ਕਿਹਾ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੁੱਖੂ ਨੇ ਆਬਜ਼ਰਵਰਾਂ ਨੂੰ ਕਾਂਗਰਸ ਦੇ 40 ਵਿੱਚੋਂ 21 ਵਿਧਾਇਕਾਂ ਦੇ ਹਸਤਾਖਰਾਂ ਵਾਲੀ ਚਿੱਠੀ ਵੀ ਸੌਂਪੀ ਸੀ। ਇਸ ਵਿੱਚ ਉਨ੍ਹਾਂ ਸੀ. ਐੱਮ. ਦੇ ਅਹੁਦੇ ਲਈ ਆਪਣੀ ਹਮਾਇਤ ਪ੍ਰਗਟਾਈ ਗਈ ਸੀ। ਸਭ ਕੁਝ ਸੁਚਾਰੂ ਢੰਗ ਨਾਲ ਚੱਲੇ, ਇਸ ਲਈ ਰਾਹੁਲ ਗਾਂਧੀ ਨੇ ਸ਼ਨੀਵਾਰ ਰਾਤ ਨੂੰ ਹੀ ਦਿੱਲੀ ਵਾਪਸ ਆਉਣ ਅਤੇ ਐਤਵਾਰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।


author

Rakesh

Content Editor

Related News