1975 ’ਚ ਜਦੋਂ ਮੈਂ ਆਪਣਾ ਪਰਿਵਾਰ ਗੁਆਇਆ, ਤਾਂ ਸਾਨੂੰ ਭਾਰਤ ਨੇ ਆਸਰਾ ਦਿੱਤਾ : ਸ਼ੇਖ ਹਸੀਨਾ
Monday, Sep 05, 2022 - 12:19 PM (IST)
ਨਵੀਂ ਦਿੱਲੀ- ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸੋਮਵਾਰ ਨੂੰ ਭਾਰਤ ਦੌਰੇ ’ਤੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਦੌਰਾਨ ਸ਼ੇਖ ਹਸੀਨਾ ਨੇ ਬੰਗਲਾਦੇਸ਼ ਨੂੰ ਮਿਲੇ ਭਾਰਤ ਦੇ ਸਹਿਯੋਗ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਸ਼ੇਖ ਹਸੀਨਾ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਨਜ਼ਦੀਕੀ ਗੁਆਂਢੀ ਹਨ। ਮੈਂ ਹਮੇਸ਼ਾ ਆਪਣੇ ਗੁਆਂਢੀ ਦੇਸ਼ਾਂ ਨਾਲ ਦੋਸਤੀ ਨੂੰ ਮਹੱਤਵ ਦਿੰਦੀ ਹਾਂ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਦੋਸਤੀ ਸਾਡੇ ਲੋਕਾਂ ਲਈ ਹੈ। ਇਹ ਦੇਖਣਾ ਸਾਡੀ ਤਰਜੀਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਕਿਵੇਂ ਸੁਧਾਰਿਆ ਜਾਵੇ। ਭਾਰਤ ਸਾਡਾ ਭਰੋਸੇਮੰਦ ਸਾਥੀ ਹੈ। ਅਸੀਂ 1971 ਦੀ ਜੰਗ ਦੌਰਾਨ ਭਾਰਤ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕਰਦੇ ਹਾਂ। 1975 ’ਚ ਜਦੋਂ ਮੈਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਸੀ, ਉਦੋਂ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਨੇ ਸਾਨੂੰ ਭਾਰਤ ’ਚ ਆਸਰਾ ਦਿੱਤਾ।
ਸ਼ੇਖ ਹਸੀਨਾ ਨੇ ਅੱਗੇ ਕਿਹਾ ਕਿ ਰੂਸ-ਯੂਕ੍ਰੇਨ ਯੁੱਧ ਦੌਰਾਨ ਸਾਡੇ ਬਹੁਤ ਸਾਰੇ ਵਿਦਿਆਰਥੀ ਯੂਕ੍ਰੇਨ ’ਚ ਫਸੇ ਹੋਏ ਸਨ। ਭਾਰਤ ਨੇ ਜਦੋਂ ਆਪਣੇ ਵਿਦਿਆਰਥੀਆਂ ਨੂੰ ਉਥੋਂ ਕੱਢਿਆ ਤਾਂ ਸਾਡੇ ਵਿਦਿਆਰਥੀਆਂ ਨੂੰ ਵੀ ਉੱਥੋ ਬਾਹਰ ਕੱਢਿਆ, ਮੈਂ ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੀ ਹਾਂ। ਸਾਡੀ ਆਰਥਿਕਤਾ ਅਜੇ ਵੀ ਬਹੁਤ ਮਜ਼ਬੂਤ ਹੈ। ਅਸੀਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕੀਤਾ, ਯੂਕ੍ਰੇਨ-ਰੂਸ ਯੁੱਧ ਦਾ ਵੀ ਅਸਰ ਪਿਆ ਪਰ ਬੰਗਲਾਦੇਸ਼ ਸਮੇਂ ’ਤੇ ਕਰਜ਼ਾ ਮੋੜ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਦੇ ਵੀ ਸ਼੍ਰੀਲੰਕਾ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ।