ਪੱਛਮੀ ਬੰਗਾਲ ਚੋਣਾਂ ’ਚ ਭਾਜਪਾ ਦੀ ਹਾਰ, ਪਾਰਟੀ ਅੰਦਰ ਵਧਿਆ ‘ਕਲੇਸ਼’

05/09/2021 6:11:56 PM

ਨਵੀਂ ਦਿੱਲੀ— ਪੱਛਮੀ ਬੰਗਾਲ ’ਚ ਮਮਤਾ ਦੀਦੀ ਮੁੜ ਸੱਤਾ ’ਤੇ ਕਾਬਜ਼ ਹੋਈ ਹੈ, ਉੱਥੇ ਹੀ ਭਾਜਪਾ ਨੂੰ ਮਹਿਜ 77 ਸੀਟਾਂ ਨਾਲ ਹੀ ਸਬਰ ਦਾ ਘੁੱਟ ਭਰਨਾ ਪਿਆ। ਪੱਛਮੀ ਬੰਗਾਲ ਦੀਆਂ 292 ਸੀਟਾਂ ’ਚੋਂ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੂੰ 213 ਸੀਟਾਂ ’ਤੇ ਬੰਪਰ ਜਿੱਤ ਹਾਸਲ ਹੋਈ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਖ਼ਤਮ ਹੋਇਆ ਅਜੇ ਹਫ਼ਤਾ ਹੀ ਹੋਇਆ ਹੈ। ਚੋਣਾਂ ’ਚ ਹਾਰ ਮਗਰੋਂ ਭਾਜਪਾ ਅੰਦਰ ਹੀ ਕਲੇਸ਼ ਹੋਰ ਤੇਜ਼ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਤਥਾਗਤ ਰਾਏ ਨੇ ਪਾਰਟੀ ਦੀ ਹਾਰ ਲਈ 4 ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਜਿਸ ਵਿਚ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼, ਰਾਸ਼ਟਰੀ ਜਨਰਲ ਸਕੱਤਰ ਅਤੇ ਚੋਣ ਮੁਖੀ ਕੈਲਾਸ਼ ਵਿਜੇਵਰਗੀਯ, ਸੰਗਠਨ ਮੰਤਰੀ ਸ਼ਿਵ ਪ੍ਰਕਾਸ਼ ਅਤੇ ਸਹਿ ਚੋਣ ਮੁਖੀ ਅਰਵਿੰਦ ਮੇਨਨ ਸ਼ਾਮਲ ਹਨ। 

ਤਥਾਗਤ ਰਾਏ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਹ ਚਾਰੋਂ ਨੇਤਾ ਪਾਰਟੀ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦਾ ਅਕਸ ਖ਼ਰਾਬ ਕਰਨ ਦੇ ਵੀ ਦੋਸ਼ੀ ਹਨ। ਇਨ੍ਹਾਂ ਚਾਰੋਂ ਨੇਤਾਵਾਂ ਨੇ ਤ੍ਰਿਣਮੂਲ ਤੋਂ ਆਏ ਦਾਗੀ ਨੇਤਾਵਾਂ ਨੂੰ ਟਿਕਟਾਂ ਦਿਵਾਈਆਂ। ਹੁਣ ਪਾਰਟੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਬਜਾਏ ਉਹ ਕਮਰਿਆਂ ’ਚ ਬੰਦ ਹੋ ਕੇ ਬੈਠੇ ਹਨ। ਤਥਾਗਤ ਨੇ ਕਿਹਾ ਕਿ ਚਾਰੋਂ ਨੇਤਾਵਾਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ ਹੈ। ਮੈਂ ਕੇਂਦਰੀ ਲੀਡਰਸ਼ਿਪ ਨੂੰ ਇਸ ਲਈ ਦੋਸ਼ ਨਹੀਂ ਦਿੰਦਾ ਕਿਉਂਕਿ ਉਨ੍ਹਾਂ ’ਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣਾ ਪ੍ਰਦੇਸ਼ ਲੀਡਰਸ਼ਿਪ ਦਾ ਕੰਮ ਹੈ। 

ਤਥਾਗਤ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਇਹ ਲੋਕ ਪਾਰਟੀ ਛੱਡ ਕੇ ਜਾ ਸਕਦੇ ਹਨ। ਤਥਾਗਤ ਨੇ ਇਕ ਹੋਰ ਪੋਸਟ ’ਚ ਲਿਖਿਆ ਕਿ ਉਹ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਚਾਹੰੁਦੇ ਹਨ ਕਿ ਉਨ੍ਹਾਂ ਨੂੰ ਭਾਜਪਾ ਦੀ ਉੱਚ ਅਗਵਾਈ ਨੇ ਗੱਲਬਾਤ ਕਰਨ ਲਈ ਦਿੱਲੀ ਬੁਲਾਇਆ ਹੈ।


Tanu

Content Editor

Related News