ਅਨੋਖਾ ਪਿੰਡ; ਜਿੱਥੇ ਮੁੰਡੇ ਨਹੀਂ, ਕੁੜੀਆਂ ਵਿਆਹ ਕੇ ਘਰ ਲਿਆਉਂਦੀਆਂ ਲਾੜੇ
Friday, May 02, 2025 - 05:31 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕਰਾਰੀ ਕਸਬੇ 'ਚ ਇਕ ਅਨੋਖਾ ਪਿੰਡ ਹੈ ਜਿੱਥੇ ਵਿਆਹ ਤੋਂ ਬਾਅਦ ਧੀਆਂ ਦੀ ਡੋਲੀ ਨਹੀਂ ਤੋਰੀ ਜਾਂਦੀ ਸਗੋਂ ਜਵਾਈ ਖੁਦ ਘਰ ਜਵਾਈ ਬਣ ਕੇ ਰਹਿੰਦੇ ਹਨ। ਕਿੰਗ ਨਗਰ ਇਲਾਕਾ ਹੁਣ 'ਦਮਾਦੋਂ ਕਾ ਪੁਰਵਾ' ਵਜੋਂ ਜਾਣਿਆ ਜਾਂਦਾ ਹੈ। ਇਸ ਅਨੋਖੀ ਪਰੰਪਰਾ ਦੇ ਪਿੱਛੇ ਇਕ ਗੰਭੀਰ ਕਾਰਨ ਹੈ- ਕੰਨਿਆ ਭਰੂਣ ਹੱਤਿਆ ਅਤੇ ਔਰਤਾਂ 'ਤੇ ਅੱਤਿਆਚਾਰ ਜੋ ਪਹਿਲਾਂ ਇਸ ਇਲਾਕੇ ਵਿਚ ਆਮ ਹੁੰਦੇ ਸਨ।
ਦਰਅਸਲ ਇਸ ਸਮਾਜਿਕ ਬੁਰਾਈ ਨੂੰ ਰੋਕਣ ਲਈ ਪਿੰਡ ਦੇ ਬਜ਼ੁਰਗਾਂ ਨੇ ਮਿਲ ਕੇ ਇਕ ਖਾਸ ਰਣਨੀਤੀ ਬਣਾਈ। ਉਨ੍ਹਾਂ ਨੇ ਫੈਸਲਾ ਕੀਤਾ ਕਿ ਵਿਆਹ ਤੋਂ ਬਾਅਦ ਧੀਆਂ ਨੂੰ ਉਨ੍ਹਾਂ ਦੇ ਸਹੁਰੇ ਘਰ ਭੇਜਣ ਦੀ ਬਜਾਏ ਜਵਾਈਆਂ ਨੂੰ ਘਰ ਜਵਾਈ ਬਣਾ ਕੇ ਰੱਖਿਆ ਜਾਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਧੀਆਂ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਰਹਿਣਗੀਆਂ ਅਤੇ ਉਹ ਅੱਤਿਆਚਾਰ ਦਾ ਸ਼ਿਕਾਰ ਹੋਣ ਤੋਂ ਬਚਣਗੀਆਂ।
ਇਸ ਫੈਸਲੇ ਤੋਂ ਬਾਅਦ ਇਹ ਪਰੰਪਰਾ ਚੱਲੀ ਆ ਰਹੀ ਹੈ। ਵਿਆਹ ਤੋਂ ਬਾਅਦ ਧੀਆਂ ਆਪਣੇ ਘਰ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਪਤੀ ਇੱਥੇ ਆ ਕੇ ਵਸ ਜਾਂਦੇ ਹਨ। ਇਸ ਵਿਵਸਥਾ ਨੇ ਨਾ ਸਿਰਫ਼ ਧੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਸਗੋਂ ਪਰਿਵਾਰਾਂ ਵਿਚਕਾਰ ਸਬੰਧਾਂ ਨੂੰ ਵੀ ਮਜ਼ਬੂਤ ਕੀਤਾ ਹੈ। ਹੁਣ ਇਹ ਇਲਾਕਾ 'ਦਮਦੋਂ ਕਾ ਪੁਰਵਾ' ਦੇ ਨਾਮ ਨਾਲ ਦੂਰ-ਦੂਰ ਤੱਕ ਮਸ਼ਹੂਰ ਹੋ ਗਿਆ ਹੈ।