ਵਿਵਾਦ ਵਿਚਾਲੇ ਦੁਲਤ ਦੀ ਕਿਤਾਬ ਰਿਲੀਜ਼ ਸਮਾਰੋਹ ''ਚ ਸ਼ਾਮਲ ਨਹੀਂ ਹੋਣਗੇ ਸਾਬਕਾ ਚੀਫ਼ ਜਸਟਿਸ

Friday, Apr 18, 2025 - 12:18 PM (IST)

ਵਿਵਾਦ ਵਿਚਾਲੇ ਦੁਲਤ ਦੀ ਕਿਤਾਬ ਰਿਲੀਜ਼ ਸਮਾਰੋਹ ''ਚ ਸ਼ਾਮਲ ਨਹੀਂ ਹੋਣਗੇ ਸਾਬਕਾ ਚੀਫ਼ ਜਸਟਿਸ

ਨਵੀਂ ਦਿੱਲੀ- ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀ.ਐੱਸ. ਠਾਕੁਰ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨਾਲ ਸਬੰਧਤ ਕਿਤਾਬ ਦੇ ਕੁਝ ਹਿੱਸਿਆਂ 'ਤੇ ਰਾਜਨੀਤਿਕ ਵਿਵਾਦ ਦਾ ਹਵਾਲਾ ਦਿੰਦੇ ਹੋਏ, ਭਾਰਤੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਸਾਬਕਾ ਮੁਖੀ ਏ.ਐੱਸ. ਦੁਲਤ ਦੀ ਕਿਤਾਬ ਦੇ ਰਿਲੀਜ਼ ਸਮਾਰੋਹ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। 'ਦਿ ਚੀਫ਼ ਮਨਿਸਟਰ ਐਂਡ ਦ ਸਪਾਈ' ਕਿਤਾਬ ਸ਼ੁੱਕਰਵਾਰ ਨੂੰ ਜਸਟਿਸ (ਸੇਵਾਮੁਕਤ) ਠਾਕੁਰ ਦੁਆਰਾ ਰਿਲੀਜ਼ ਕੀਤੀ ਜਾਣੀ ਸੀ। ਸਮਾਗਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਤੋਂ ਇਕ ਦਿਨ ਪਹਿਲਾਂ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ 'ਚ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਅਤੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਕਿਤਾਬ ਰਿਲੀਜ਼ ਸਮਾਗਮ 'ਚ ਸ਼ਾਮਲ ਨਹੀਂ ਹੋਣਗੇ। ਫਾਰੂਕ ਅਬਦੁੱਲਾ ਨੇ ਬੁੱਧਵਾਰ ਨੂੰ ਦੁਲਤ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਧਾਰਾ 370 ਨੂੰ ਹਟਾਉਣ ਦਾ 'ਨਿੱਜੀ ਤੌਰ 'ਤੇ ਸਮਰਥਨ' ਕੀਤਾ ਸੀ।

ਇਹ ਵੀ ਪੜ੍ਹੋ : ਕਿਤਾਬ ਦੇ ਪ੍ਰਚਾਰ ਲਈ 'ਸਸਤੀ ਲੋਕਪ੍ਰਿਯਤਾ' ਦਾ ਸਹਾਰਾ ਲੈ ਰਹੇ ਹਨ ਸਾਬਕਾ ਰਾਅ ਮੁਖੀ ਦੁਲਤ : ਫਾਰੂਕ ਅਬਦੁੱਲਾ

ਉਨ੍ਹਾਂ ਦੋਸ਼ ਲਾਇਆ ਕਿ ਦੁਲਤ ਆਪਣੀ ਆਉਣ ਵਾਲੀ ਕਿਤਾਬ ਦਾ ਪ੍ਰਚਾਰ ਕਰਨ ਲਈ ਇੰਨੀ 'ਸਸਤੀ ਪ੍ਰਸਿੱਧੀ' ਦਾ ਸਹਾਰਾ ਲੈ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰ ਦਿੱਤੀ ਸੀ, ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਜਸਟਿਸ (ਸੇਵਾਮੁਕਤ) ਠਾਕੁਰ ਨੇ ਦੁਲਤ ਦੇ ਸੱਦੇ ਦੇ ਜਵਾਬ 'ਚ ਕਿਹਾ,''ਹਾਲਾਂਕਿ ਮੈਂ ਰਿਲੀਜ਼ ਸਮਾਰੋਹ 'ਚ ਸ਼ਾਮਲ ਹੋਣ ਲਈ ਤੁਹਾਡਾ ਸੱਦਾ ਸਵੀਕਾਰ ਕਰ ਲਿਆ ਹੈ ਪਰ ਕੱਲ੍ਹ (ਬੁੱਧਵਾਰ) ਤੋਂ ਮੈਂ ਤੁਹਾਡੀ ਕਿਤਾਬ ਨੂੰ ਲੈ ਕੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ 'ਚ ਇਕ ਰਾਜਨੀਤਿਕ ਤੂਫਾਨ ਉੱਠਦਾ ਦੇਖਿਆ ਹੈ, ਖਾਸ ਕਰਕੇ ਉਹ ਹਿੱਸੇ ਜਿਨ੍ਹਾਂ 'ਚ (ਫਾਰੂਕ) ਅਬਦੁੱਲਾ ਦੇ ਕੁਝ ਬਿਆਨਾਂ ਦਾ ਜ਼ਿਕਰ ਹੈ। ਤੁਸੀਂ ਅਬਦੁੱਲਾ ਦੀ ਪ੍ਰਸ਼ੰਸਾ ਕਰਦੇ ਹੋ ਅਤੇ ਉਨ੍ਹਾਂ ਨੂੰ ਇਕ ਕੀਮਤੀ ਦੋਸਤ ਮੰਨਦੇ ਹੋ।'' ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਫਾਰੂਕ ਅਬਦੁੱਲਾ ਨੇ ਵੀ ਆਪਣੇ ਨਾਲ ਜੁੜੇ ਬਿਆਨਾਂ ਨੂੰ ਜਨਤਕ ਤੌਰ 'ਤੇ 'ਰੱਦ' ਕਰ ਦਿੱਤਾ ਹੈ।

ਜਸਟਿਸ ਠਾਕੁਰ (ਸੇਵਾਮੁਕਤ) ਨੇ ਕਿਹਾ,"(ਉਮੀਦ ਹੈ ਕਿ) ਇਨ੍ਹਾਂ ਸਥਿਤੀਆਂ 'ਚ ਤੁਸੀਂ ਕਿਰਪਾ ਕਰਕੇ ਸਮਝੋਗੇ ਕਿ ਇਹ ਵਿਵਾਦ ਅਤੇ ਇਸ ਦੇ ਰਾਜਨੀਤਿਕ ਪਹਿਲੂ ਮੇਰੇ ਲਈ ਸ਼ਰਮਿੰਦਗੀ ਦਾ ਕਾਰਨ ਬਣਨਗੇ। ਮੈਂ ਇਸ ਤੋਂ ਬਚਣਾ ਚਾਹੁੰਦਾ ਹਾਂ ਨਾ ਸਿਰਫ਼ ਅਬਦੁੱਲਾ ਪਰਿਵਾਰ ਨਾਲ ਮੇਰੇ ਲੰਬੇ ਅਤੇ ਸੁਹਿਰਦ ਸਬੰਧਾਂ ਕਰਕੇ, ਸਗੋਂ ਇਸ ਤੋਂ ਵੀ ਬਚਣਾ ਚਾਹੁੰਦਾ ਹਾਂ ਕਿਉਂਕਿ ਇਕ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਵਿਅਕਤੀ ਹੋਣ ਦੇ ਨਾਤੇ, ਮੈਂ ਕਿਸੇ ਅਜਿਹੀ ਕਿਤਾਬ ਦਾ ਪ੍ਰਚਾਰ ਜਾਂ ਸਮਰਥਨ ਕਰਦੇ ਹੋਏ ਨਹੀਂ ਦੇਖਣਾ ਚਾਹਾਂਗਾ ਜਿਸ ਨੂੰ ਉਸੇ ਵਿਅਕਤੀ ਦੁਆਰਾ ਰੱਦ ਕੀਤਾ ਜਾ ਰਿਹਾ ਹੈ ਜਿਸ ਬਾਰੇ ਕਿਤਾਬ ਲਿਖੀ ਗਈ ਹੈ।'' ਸਾਬਕਾ ਚੀਫ਼ ਜਸਟਿਸ ਨੇ ਕਿਹਾ ਕਿ ਇਸ ਤੋਂ ਇਲਾਵਾ, ਫਾਰੂਕ ਅਬਦੁੱਲਾ ਨੂੰ ਵੀ ਕਿਤਾਬ 'ਤੇ ਚਰਚਾ ਕਰਨ ਲਈ ਪੱਤਰਕਾਰ ਵੀਰ ਸੰਘਵੀ ਨਾਲ ਸਟੇਜ ਸਾਂਝੀ ਕਰਨੀ ਚਾਹੀਦੀ ਸੀ ਪਰ ਸ਼ਾਇਦ ਉਹ ਹੁਣ ਅਜਿਹਾ ਨਹੀਂ ਕਰਨਗੇ। ਉਨ੍ਹਾਂ ਕਿਹਾ,"ਮੈਂ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਰਿਲੀਜ਼ ਸਮਾਗਮ 'ਚ ਸ਼ਾਮਲ ਹੋਣ ਤੋਂ ਮੇਰਾ ਇਨਕਾਰ ਤੁਹਾਨੂੰ ਅਸੁਵਿਧਾ ਦਾ ਕਾਰਨ ਬਣੇਗਾ ਅਤੇ ਤੁਹਾਨੂੰ ਕਿਸੇ ਹੋਰ ਦੀ ਭਾਲ ਕਰਨੀ ਪਵੇਗੀ ਪਰ ਮੈਂ ਜਿਸ ਸਥਿਤੀ 'ਚ ਹਾਂ, ਉਸ ਨੂੰ ਦੇਖਦੇ ਹੋਏ, ਤੁਸੀਂ ਮੈਨੂੰ ਤੁਹਾਡੇ ਜਾਂ ਕਿਤਾਬ ਦੇ ਪ੍ਰਕਾਸ਼ਕ ਨੂੰ ਹੋਣ ਵਾਲੀ ਅਸੁਵਿਧਾ ਲਈ ਮਾਫ਼ ਕਰੋਗੇ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News