ਸੰਸਦ ਸਰਵਉੱਚ, ਸੰਵਿਧਾਨ ’ਚ ਇਸ ਤੋਂ ਉੱਪਰ ਕੁਝ ਨਹੀਂ : ਧਨਖੜ

Tuesday, Apr 22, 2025 - 09:27 PM (IST)

ਸੰਸਦ ਸਰਵਉੱਚ, ਸੰਵਿਧਾਨ ’ਚ ਇਸ ਤੋਂ ਉੱਪਰ ਕੁਝ ਨਹੀਂ : ਧਨਖੜ

ਨਵੀਂ ਦਿੱਲੀ, (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਹੈ ਕਿ ਸੰਵਿਧਾਨਕ ਅਥਾਰਟੀਆਂ ਵੱਲੋਂ ਬੋਲਿਆ ਗਿਆ ਹਰ ਸ਼ਬਦ ਸਰਵਉੱਚ ਰਾਸ਼ਟਰੀ ਹਿੱਤਾਂ ਤੋਂ ਪ੍ਰੇਰਿਤ ਹੁੰਦਾ ਹੈ।

ਮੰਗਲਵਾਰ ਦਿੱਲੀ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ ’ਚ ਬੋਲਦਿਆਂ ਧਨਖੜ ਨੇ ਉਨ੍ਹਾਂ ਆਲੋਚਕਾਂ ’ਤੇ ਨਿਸ਼ਾਨਾ ਵਿੰਨ੍ਹਿਆ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਉਨ੍ਹਾਂ ਦੀਆਂ ਤਾਜ਼ਾ ਟਿੱਪਣੀਆਂ ’ਤੇ ਸਵਾਲ ਉਠਾਏ ਸਨ।

ਧਨਖੜ ਨੇ ਕਿਹਾ ਕਿ ਦੇਸ਼ ਵਿਰੁੱਧ ਕੰਮ ਕਰਨ ਵਾਲੀਆਂ ਤਾਕਤਾਂ ਵੱਲੋਂ ਸੰਵਿਧਾਨਕ ਅਦਾਰਿਆਂ ਦੀ ਆਲੋਚਨਾ ਕਰਨ ਤੇ ਉਨ੍ਹਾਂ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸੰਸਦ ਨੂੰ ਸਰਵਉੱਚ ਦੱਸਦਿਆਂ ਉਨ੍ਹਾਂ ਕਿਹਾ ਕਿ ਸੰਵਿਧਾਨ ਸੰਸਦ ਤੋਂ ਉੱਪਰ ਕਿਸੇ ਵੀ ਅਧਿਕਾਰ ਦੀ ਕਲਪਨਾ ਨਹੀਂ ਕਰਦਾ। ਸੰਸਦ ਸਰਵਉੱਚ ਹੈ। ਇਹ ਓਨੀ ਹੀ ਸਰਵਉੱਚ ਹੈ ਜਿੰਨਾ ਦੇਸ਼ ਦਾ ਹਰ ਵਿਅਕਤੀ।

ਸੁਪਰੀਮ ਕੋਰਟ ਦੇ ਇਕ ਬੈਂਚ ਨੇ ਕੁਝ ਦਿਨ ਪਹਿਲਾਂ ਰਾਜਪਾਲਾਂ ਵੱਲੋਂ ਰਾਸ਼ਟਰਪਤੀ ਦੀ ਸਹਿਮਤੀ ਲੈਣ ਲਈ ਰੋਕ ਕੇ ਰੱਖੇ ਬਿੱਲਾਂ ’ਤੇ ਫੈਸਲਾ ਲੈਣ ਲਈ ਤਿੰਨ ਮਹੀਨਿਆਂ ਦੀ ਸਮਾਂ-ਹੱਦ ਨਿਰਧਾਰਤ ਕੀਤੀ ਸੀ।

ਅਦਾਲਤ ਦੇ ਨਿਰਦੇਸ਼ਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਧਨਖੜ ਨੇ ਕਿਹਾ ਸੀ ਕਿ ਨਿਆਂਪਾਲਿਕਾ ‘ਸੁਪਰ ਸੰਸਦ’ ਦੀ ਭੂਮਿਕਾ ਨਹੀਂ ਨਿਭਾਅ ਸਕਦੀ। ਉਹ ਕਾਰਜਪਾਲਿਕਾ ਦੇ ਅਧਿਕਾਰ ਖੇਤਰ ’ਚ ਨਹੀਂ ਆ ਸਕਦੀ।

ਧਨਖੜ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਨੇ ਪਿਛਲੇ ਦਿਨੀ ਇਹ ਵਿਚਾਰ ਪ੍ਰਗਟ ਕੀਤਾ ਕਿ ਸੰਵਿਧਾਨਕ ਅਹੁਦੇ ਰਸਮੀ ਹੋ ਸਕਦੇ ਹਨ। ਇਸ ਦੇਸ਼ ’ਚ ਹਰ ਕਿਸੇ ਦੀ ਭੂਮਿਕਾ ਨੂੰ ਗਲਤ ਸਮਝਣ ਤੋਂ ਵੱਡੀ ਕੋਈ ਗਲਤੀ ਨਹੀਂ ਹੋ ਸਕਦੀ, ਭਾਵੇਂ ਉਹ ਸੰਵਿਧਾਨਕ ਅਧਿਕਾਰੀ ਹੋਵੇ ਜਾਂ ਨਾਗਰਿਕ।

ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਦੀ ਆਪਣੀ ਭੂਮਿਕਾ ਹੁੰਦੀ ਹੈ। ਲੋਕਤੰਤਰ ਦੀ ਆਤਮਾ ਹਰ ਨਾਗਰਿਕ ’ਚ ਰਹਿੰਦੀ ਹੈ ਤੇ ਧੜਕਦੀ ਹੈ। ਲੋਕਤੰਤਰ ਵਧੇਗਾ। ਇਸ ਦੀਆਂ ਕੀਮਤਾਂ ਹੋਰ ਵੀ ਵਧ ਜਾਣਗੀਆਂ। ਜਦੋਂ ਨਾਗਰਿਕ ਸੁਚੇਤ ਹੋਵੇਗਾ ਤਾਂ ਉਹ ਯੋਗਦਾਨ ਪਾਵੇਗਾ। ਨਾਗਰਿਕ ਵੱਲੋਂ ਪਾਏ ਗਏ ਯੋਗਦਾਨ ਦਾ ਕੋਈ ਬਦਲ ਨਹੀਂ ਹੋ ਸਕਦਾ। ਸੰਵਿਧਾਨ ਸੰਸਦ ਤੋਂ ਉੱਪਰ ਕਿਸੇ ਵੀ ਅਧਿਕਾਰ ਦੀ ਕਲਪਨਾ ਨਹੀਂ ਕਰਦਾ।


author

Rakesh

Content Editor

Related News