ਪੀਣ ਵਾਲੇ ਪਾਣੀ ਦੀ ਹੁਣ ਨਹੀਂ ਹੋਵੇਗੀ ਕਮੀ, CM ਨੇ 1,111 ਟੈਂਕਰਾਂ ਨੂੰ ਵਿਖਾਈ ਹਰੀ ਝੰਡੀ

Sunday, Apr 20, 2025 - 04:46 PM (IST)

ਪੀਣ ਵਾਲੇ ਪਾਣੀ ਦੀ ਹੁਣ ਨਹੀਂ ਹੋਵੇਗੀ ਕਮੀ, CM ਨੇ 1,111 ਟੈਂਕਰਾਂ ਨੂੰ ਵਿਖਾਈ ਹਰੀ ਝੰਡੀ

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਗਰਮੀਆਂ ਦੌਰਾਨ ਸ਼ਹਿਰ ਵਿਚ ਪਾਣੀ ਦੀ ਸਪਲਾਈ ਵਧਾਉਣ ਲਈ ਐਤਵਾਰ ਨੂੰ 'ਲੋਕੇਸ਼ਨ ਟ੍ਰੈਕਿੰਗ ਸਿਸਟਮ' ਨਾਲ ਲੈਸ 1,111 ਟੈਂਕਰਾਂ ਨੂੰ ਹਰੀ ਝੰਡੀ ਵਿਖਾਈ। ਹੁਣ ਦਿੱਲੀ ਵਿਚ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਹੋਵੇਗੀ। ਇਸ ਸਿਸਟਮ ਜ਼ਰੀਏ ਦਿੱਲੀ ਜਲ ਬੋਰਡ ਹੈੱਡਕੁਆਰਟਰ ਤੋਂ 'ਆਈਟੀ ਡੈਸ਼ਬੋਰਡ' 'ਤੇ ਟੈਂਕਰਾਂ 'ਤੇ ਨਜ਼ਰ ਰੱਖੀ ਜਾ ਸਕੇਗੀ। ਦਿੱਲੀ ਵਿਚ ਭਾਜਪਾ ਸਰਕਾਰ ਨੇ 60 ਦਿਨ ਪੂਰੇ ਹੋਣ ਮੌਕੇ ਆਯੋਜਿਤ ਸਮਾਰੋਹ ਦੌਰਾਨ ਗੁਪਤਾ ਨੇ ਕਿਹਾ ਕਿ ਇਹ ਪੂਰਨ ਪਾਰਦਰਸ਼ਿਤਾ ਦੀ ਦਿਸ਼ਾ ਵਿਚ ਚੁੱਕਿਆ ਗਿਆ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਤਿਮ ਹੱਲ ਨਹੀਂ ਹੈ, ਅਸੀਂ ਹਰੇਕ ਵਾਸੀ ਨੂੰ ਨਲ ਤੋਂ ਜਲ ਉਪਲੱਬਧ ਕਰਾਉਣ ਲਈ ਇਕ ਨਵੀਂ ਨਗਰ ਯੋਜਨਾ 'ਤੇ ਕੰਮ ਕਰਾਂਗੇ। ਪ੍ਰੋਗਰਾਮ ਵਿਚ ਜਲ ਸਾਧਨ ਮੰਤਰੀ ਪ੍ਰਵੇਸ਼ ਵਰਮਾ, ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ, ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਮੌਜੂਦ ਸਨ। 

 

ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਵਿੱਤੀ ਸਾਲ 2025-26 ਦੇ ਆਪਣੇ ਬਜਟ ਵਿਚ ਜਲ ਖੇਤਰ ਲਈ 9,000 ਕਰੋੜ ਰੁਪਏ ਅਲਾਟ ਕੀਤੇ ਹਨ। ਅਸੀਂ ਸੀਵਰੇਜ ਦੇ ਓਵਰਫਲੋ ਨਾਲ ਨਜਿੱਠਣ ਲਈ ਸ਼ਹਿਰ ਭਰ ਵਿਚ 50 'ਸੁਪਰ ਸਕਰ ਮਸ਼ੀਨਾਂ' ਤਾਇਨਾਤ ਕੀਤੀਆਂ ਹਨ। ਪਿਛਲੀ ਸਰਕਾਰ ਨੇ ਸਿਰਫ਼ ਦੋ ਅਜਿਹੀਆਂ ਮਸ਼ੀਨਾਂ ਖਰੀਦੀਆਂ ਸਨ। ਸ਼ਹਿਰ ਦੀ ਸਰਕਾਰ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ ਜਲ ਸ਼ੁੱਧੀਕਰਨ ਪਲਾਂਟਾਂ ਦੀ ਸਮਰੱਥਾ ਵਧਾਉਣ 'ਤੇ ਵੀ ਕੰਮ ਕਰ ਰਹੀ ਹੈ। ਇਹ ਸੁਸ਼ਾਸਨ ਅਤੇ ਪਾਰਦਰਸ਼ਤਾ ਦਾ ਇਕ ਨਮੂਨਾ ਹੈ। ਇਨ੍ਹਾਂ 'ਚੋਂ ਕੁਝ ਟੈਂਕਰ ਪੁਰਾਣੇ ਹਨ ਪਰ ਸਾਰੇ GPS ਨਾਲ ਲੈਸ ਹਨ। ਲੋਕ 'ਫੂਡ ਡਿਲੀਵਰੀ ਐਪ' ਵਾਂਗ ਆਪਣੇ ਮੋਬਾਈਲ ਫੋਨਾਂ 'ਤੇ ਟੈਂਕਰ ਦੀ ਸਥਿਤੀ ਨੂੰ ਟਰੈਕ ਕਰ ਥਾਂ ਦਾ ਪਤਾ ਲਾ ਸਕਦੇ ਹਨ।


author

Tanu

Content Editor

Related News