ਪਨੀਰ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਕਿਤੇ ਤੁਸੀਂ ਵੀ ਤਾਂ ਨਹੀਂ...
Sunday, Apr 20, 2025 - 01:02 PM (IST)

ਨੈਸ਼ਨਲ ਡੈਸਕ- ਘਰ ਹੋਵੇ ਜਾਂ ਹੋਟਲ, ਰੈਸਟੋਰੈਂਟ ਪਨੀਰ ਦਾ ਇਸਤੇਮਾਲ ਹਰ ਥਾਂ ਹੁੰਦਾ ਹੈ। ਜੇਕਰ ਤੁਸੀਂ ਵੀ ਪਨੀਰ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ। ਦਰਅਸਲ ਭਾਰਤੀ ਘਰਾਂ ਅਤੇ ਰੈਸਟੋਰੈਂਟਾਂ ਵਿਚ ਮੁੱਖ ਰੂਪ ਵਿਚ ਇਸਤੇਮਾਲ ਹੋਣ ਵਾਲਾ ਪਨੀਰ ਹੁਣ ਸਖ਼ਤ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਕੈਲਸ਼ੀਅਮ ਨਾਲ ਭਰਪੂਰ ਸੁਪਰਫੂਡ ਵਜੋਂ ਮਸ਼ਹੂਰ ਪਨੀਰ ਸ਼ੱਕੀ ਪਛਾਣ ਹਾਸਲ ਕਰ ਚੁੱਕਾ ਹੈ। ਖ਼ੁਰਾਕ ਸੁਰੱਖਿਆ ਅਧਿਕਾਰੀਆਂ ਮੁਤਾਬਕ ਪਨੀਰ ਭਾਰਤ ਵਿਚ ਸਭ ਤੋਂ ਵੱਧ ਮਿਲਾਵਟੀ ਭੋਜਨ ਉਤਪਾਦ ਹੈ। ਇਸ ਖੁਲਾਸੇ ਨੇ ਸਿਹਤ ਮਾਹਿਰਾਂ, ਖਪਤਕਾਰਾਂ ਅਤੇ ਸਰਕਾਰ ਵਿਚਾਲੇ ਚਿੰਤਾ ਵਧਾ ਦਿੱਤੀ ਹੈ।
ਮਿਲਾਵਟ 'ਚ ਖਤਰਨਾਕ ਵਾਧਾ
ਖੁਰਾਕ ਪਦਾਰਥਾਂ ਵਿਚ ਮਿਲਾਵਟ ਨੂੰ ਲੈ ਕੇ ਵਧਦੀ ਚਿੰਤਾ ਉਦੋਂ ਹੋਰ ਵੱਧ ਗਈ ਜਦੋਂ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਿਹਤ ਮੰਤਰੀ ਜੇ. ਪੀ. ਨੱਢਾ ਨੂੰ ਤੁਰੰਤ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੀ ਅਪੀਲ ਚਿੰਤਾਜਨਕ ਰਿਪੋਰਟਾਂ ਮਗਰੋਂ ਆਈ ਕਿ ਬਹੁਤ ਸਾਰੇ ਰੈਸਟੋਰੈਂਟ ਅਤੇ ਸਥਾਨਕ ਵਿਕ੍ਰੇਤਾ ਮਿਲਾਵਟੀ ਜਾਂ ਨਕਲੀ ਪਨੀਰ ਵੇਚ ਰਹੇ ਹਨ।
ਖੁਰਾਕ ਸੁਰੱਖਿਆ ਏਜੰਸੀਆਂ ਨੇ ਪਨੀਰ 'ਚ ਮਿਲਾਵਟ ਹੋਣ ਦੀ ਆਖੀ ਗੱਲ
ਖੁਰਾਕ ਸੁਰੱਖਿਆ ਏਜੰਸੀਆਂ ਨੇ ਜਾਂਚ ਮਗਰੋਂ ਸਭ ਜ਼ਿਆਦਾ ਪਨੀਰ 'ਚ ਮਿਲਾਵਟ ਹੋਣ ਦੀ ਗੱਲ ਆਖੀ ਹੈ। ਹਾਲ ਹੀ ਵਿਚ ਨੋਇਡਾ ਅਤੇ ਗ੍ਰੇਟਰ ਨੋਇਡਾ ਵਿਚ ਖੁਰਾਕ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਨੀਰ ਵਿਚ ਹੋਰ ਖਾਣ-ਪੀਣ ਦੀਆਂ ਚੀਜ਼ਾਂ ਤੋਂ ਜ਼ਿਆਦਾ ਮਿਲਾਵਟ ਕੀਤੀ ਜਾ ਰਹੀ ਹੈ। ਅਪ੍ਰੈਲ 2024 ਅਤੇ ਮਾਰਚ 2025 ਦੇ ਵਿਚਕਾਰ ਨਿਯਮਤ ਗੁਣਵੱਤਾ ਜਾਂਚ ਦੌਰਾਨ ਜਾਂਚੇ ਗਏ 702 ਭੋਜਨ ਨਮੂਨਿਆਂ ਵਿਚੋਂ ਪਨੀਰ ਮਿਲਾਵਟੀ ਵਸਤੂਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 83% ਪਨੀਰ ਦੇ ਨਮੂਨੇ ਨਿਰਧਾਰਤ ਭੋਜਨ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ। ਉਨ੍ਹਾਂ ਵਿਚੋਂ 40% ਨੂੰ ਮਨੁੱਖੀ ਖਪਤ ਲਈ ਅਸੁਰੱਖਿਅਤ ਮੰਨਿਆ ਗਿਆ। ਇਹ ਨਤੀਜਾ ਇਕ ਵਿਆਪਕ ਪਹਿਲ ਦਾ ਹਿੱਸਾ ਸੀ, ਜਿਸ ਵਿਚ ਖੇਤਰ ਵਿਚ 2721 ਨਿਰੀਖਣ ਅਤੇ 520 ਛਾਪੇ ਸ਼ਾਮਲ ਸਨ।