Weather Update: ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 16-17 ਜਨਵਰੀ ਨੂੰ ਮੀਂਹ ਦਾ ਅਲਰਟ
Monday, Jan 13, 2025 - 09:50 AM (IST)
ਨੈਸ਼ਨਲ ਡੈਸਕ- ਦੇਸ਼ ਭਰ 'ਚ ਕੜਾਕੇ ਦੀ ਠੰਡ ਜਾਰੀ ਹੈ, ਜਿਸ ਕਾਰਨ ਉੱਤਰੀ ਭਾਰਤ ਦੇ ਸੂਬਿਆਂ 'ਚ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਵਧ ਗਿਆ ਹੈ। ਦਿੱਲੀ-NCR ਸਮੇਤ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ 'ਚ ਠੰਡੀਆਂ ਹਵਾਵਾਂ ਨਾਲ ਸੰਘਣੀ ਧੁੰਦ ਛਾਈ ਹੋਈ ਹੈ। ਰਾਜਧਾਨੀ ਦਿੱਲੀ 'ਚ ਵਿਜ਼ੀਬਿਲਟੀ ਘੱਟ ਹੋਣ ਕਾਰਨ 25 ਟਰੇਨਾਂ ਅਤੇ ਫਲਾਈਟਾਂ 'ਚ ਦੇਰੀ ਹੋਈ।
ਭਾਰਤੀ ਮੌਸਮ ਵਿਭਾਗ (IMD) ਨੇ ਜਾਣਕਾਰੀ ਦਿੱਤੀ ਹੈ ਕਿ 14 ਜਨਵਰੀ ਤੋਂ ਮੌਸਮ ਵਿਚ ਬਦਲਾਅ ਹੋਵੇਗਾ। ਪੰਜਾਬ ਉੱਤੇ ਇਕ ਸਰਗਰਮ ਪੱਛਮੀ ਗੜਬੜ ਅਤੇ ਉੱਤਰੀ ਰਾਜਸਥਾਨ 'ਚ ਇਕ ਚੱਕਰਵਾਤੀ ਚੱਕਰ ਕਾਰਨ 14 ਤੋਂ 16 ਜਨਵਰੀ ਦਰਮਿਆਨ 15 ਤੋਂ ਵੱਧ ਸੂਬਿਆਂ 'ਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਬਰਫਬਾਰੀ ਕਾਰਨ ਠੰਡੀਆਂ ਹੋਰ ਹਵਾਵਾਂ ਤੇਜ਼ ਹੋ ਰਹੀਆਂ ਹਨ। ਇਨ੍ਹਾਂ ਇਲਾਕਿਆਂ 'ਚ ਐਤਵਾਰ ਨੂੰ ਵੀ ਭਾਰੀ ਬਰਫਬਾਰੀ ਹੋਈ। ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਗਰਜ ਨਾਲ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ ਅਤੇ ਨਾਗਾਲੈਂਡ 'ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸ ਦੇ ਨਾਲ ਹੀ ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ 16 ਜਨਵਰੀ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 16 ਤੋਂ 18 ਜਨਵਰੀ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਬਿਹਾਰ, ਓਡੀਸ਼ਾ ਅਤੇ ਉੱਤਰ-ਪੂਰਬੀ ਸੂਬਿਆਂ 'ਚ ਸੰਘਣੀ ਧੁੰਦ ਅਤੇ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 16 ਅਤੇ 17 ਜਨਵਰੀ ਨੂੰ ਪੂਰੇ ਉੱਤਰਾਖੰਡ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।