ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ
Saturday, Jan 04, 2025 - 12:57 AM (IST)
ਨੈਸ਼ਨਲ ਡੈਸਕ- ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਦੇਸ਼ ਦੀਆਂ ਖੁਫੀਆ ਏਜੰਸੀਆਂ ਨੇ ਇਕ ਵੱਡਾ ਅੱਤਵਾਦੀ ਅਲਰਟ ਜਾਰੀ ਕੀਤਾ ਹੈ। ਖੁਫੀਆ ਵਿਭਾਗ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਦਾ ਪਤਾ ਲੱਗਾ ਹੈ। ਇਨਪੁਟ ਮੁਤਾਬਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਬੰਗਲਾਦੇਸ਼ ਦੇ ਅੱਤਵਾਦੀ ਦਿੱਲੀ ਅਤੇ ਪੰਜਾਬ ਨੂੰ ਨਿਸ਼ਾਨਾ ਬਣਾ ਸਕਦੇ ਹਨ। ਆਈਐੱਸਆਈ ਭਾਰਤ ਵਿੱਚ ਲੜੀਵਾਰ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਹੈ।
ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ 'ਚ ਮੌਜੂਦ ਆਈਐੱਸਆਈ ਅਤੇ ਇਸਲਾਮਿਕ ਅੱਤਵਾਦੀ ਸੰਗਠਨ ਬੰਗਲਾਦੇਸ਼ ਦੀ ਮਦਦ ਨਾਲ ਭਾਰਤ 'ਚ ਲੜੀਵਾਰ ਬੰਬ ਧਮਾਕੇ ਕਰਨ ਦਾ ਇਰਾਦਾ ਰੱਖਦੇ ਹਨ। ਇਹ ਅੱਤਵਾਦੀ ਸੰਗਠਨ ਵੱਡੇ ਸ਼ਹਿਰਾਂ ਦੇ ਵਿਅਸਤ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਅੱਤਵਾਦੀ ਸੰਗਠਨ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਸਥਿਤ ਅੱਤਵਾਦੀਆਂ ਨਾਲ ਮਿਲ ਕੇ ਭਾਰਤ ਦੇ ਵੱਡੇ ਸ਼ਹਿਰਾਂ 'ਤੇ ਹਮਲਾ ਕਰਨਾ ਚਾਹੁੰਦੇ ਹਨ। ਖਾਸ ਤੌਰ 'ਤੇ ਨਵੀਂ ਦਿੱਲੀ, ਪੰਜਾਬ ਅਤੇ ਹੋਰ ਮੈਟਰੋ ਸ਼ਹਿਰਾਂ ਦੇ ਸਭ ਤੋਂ ਵਿਅਸਤ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਖੁਫੀਆ ਵਿਭਾਗ ਤੋਂ ਮਿਲੀ ਇਸ ਅਹਿਮ ਸੂਚਨਾ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਖੁਫੀਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ। ਦਿੱਲੀ ਅਤੇ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਦਸੰਬਰ ਵਿੱਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਧਮਕੀ ਦਿੱਤੀ ਸੀ। ਉਸ ਨੇ ਇੱਕ ਵੀਡੀਓ ਜਾਰੀ ਕਰਕੇ ਮਹਾਕੁੰਭ 2025 ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ।