ਕੜਾਕੇ ਦੀ ਠੰਡ ਨੇ ਠਾਰੇ ਲੋਕ, 2 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਚਿਤਾਵਨੀ

Monday, Dec 30, 2024 - 10:09 AM (IST)

ਕੜਾਕੇ ਦੀ ਠੰਡ ਨੇ ਠਾਰੇ ਲੋਕ, 2 ਜਨਵਰੀ ਤੱਕ ਸੀਤ ਲਹਿਰ ਚੱਲਣ ਦੀ ਚਿਤਾਵਨੀ

ਨੈਸ਼ਨਲ ਡੈਸਕ- ਉੱਤਰ ਭਾਰਤ ਦੇ ਕਈ ਸੂਬਿਆਂ 'ਚ ਠੰਡ ਨੇ ਜ਼ੋਰ ਫੜ ਲਿਆ ਹੈ। ਮੀਂਹ ਪੈਣ ਮਗਰੋਂ ਸੀਤ ਲਹਿਰ ਦਾ ਅਸਰ ਤੇਜ਼ ਹੋ ਗਿਆ ਹੈ। ਸਵੇਰੇ-ਸ਼ਾਮ ਸੰਘਣੀ ਧੁੰਦ ਪੈਣ ਲੱਗੀ ਹੈ। ਭਾਰਤੀ ਮੌਸਮ ਵਿਭਾਗ  (IMD) ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਉੱਤਰੀ-ਪੱਛਮੀ ਅਤੇ ਮੱਧ ਭਾਰਤ ਦੇ ਕਈ ਇਲਾਕਿਆਂ ਵਿਚ ਭਿਆਨਕ ਠੰਡ ਅਤੇ ਸੰਘਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸੀਤ ਲਹਿਰ ਦੇ ਪ੍ਰਭਾਵ ਕਾਰਨ ਹਿਮਾਚਲ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਰਗੇ ਸੂਬਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਨਵੇਂ ਸਾਲ ਦੇ ਪਹਿਲੇ ਦਿਨ ਤੱਕ ਇਨ੍ਹਾਂ ਇਲਾਕਿਆਂ 'ਚ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।

IMD ਨੇ ਦਿੱਤੀ ਚਿਤਾਵਨੀ

IMD ਨੇ ਅਗਲੇ ਤਿੰਨ ਦਿਨਾਂ ਵਿਚ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿਚ ਰਾਤ ਦੇ ਤਾਪਮਾਨ 'ਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਦੀ ਉਮੀਦ ਕੀਤੀ ਹੈ। IMD ਨੇ ਕਿਹਾ ਕਿ  ਪੰਜਾਬ ਅਤੇ ਹਰਿਆਣਾ ਦੇ ਅਲੱਗ-ਥਲੱਗ ਖੇਤਰਾਂ 'ਚ ਅਤੇ 30 ਦਸੰਬਰ ਤੋਂ 2 ਜਨਵਰੀ ਦੇ ਦੌਰਾਨ ਰਾਜਸਥਾਨ, ਪੰਜਾਬ, ਹਰਿਆਣਾ ਵਿਚ ਸੀਤ ਲਹਿਰ ਚੱਲੇਗੀ। ਇਸ ਦੇ ਨਾਲ ਹੀ ਸਾਲ ਦੇ ਅੰਤ ਅਤੇ ਨਵੇਂ ਸਾਲ ਦੇ ਦਿਨ ਲਈ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

ਤਾਪਮਾਨ 'ਚ ਆਵੇਗੀ ਹੋਰ ਗਿਰਾਵਟ

ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅਗਲੇ ਤਿੰਨ ਤੋਂ ਪੰਜ ਦਿਨਾਂ ਦੌਰਾਨ ਤਾਪਮਾਨ ਵਿਚ ਹੌਲੀ-ਹੌਲੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
IMD ਨੇ ਮੰਗਲਵਾਰ ਤੋਂ ਸ਼ੁਰੂ ਹੋ ਕੇ ਅਗਲੇ ਪੰਜ ਦਿਨਾਂ ਦੌਰਾਨ ਮੱਧ ਭਾਰਤ ਵਿਚ ਘੱਟੋ-ਘੱਟ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਪੂਰਬੀ ਭਾਰਤ 'ਚ ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 'ਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ ਅਤੇ ਮਹਾਰਾਸ਼ਟਰ 'ਚ ਅਗਲੇ ਪੰਜ ਦਿਨਾਂ 'ਚ ਘੱਟੋ-ਘੱਟ ਤਾਪਮਾਨ 'ਚ 2 ਤੋਂ 4 ਡਿਗਰੀ ਤੱਕ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਕਸ਼ਮੀਰ 'ਚ ਬਰਫ਼ਬਾਰੀ ਅਤੇ ਆਵਾਜਾਈ ਪ੍ਰਭਾਵਿਤ

ਕਸ਼ਮੀਰ 'ਚ ਭਾਰੀ ਬਰਫ਼ਬਾਰੀ ਕਾਰਨ ਹਵਾਈ, ਰੇਲ ਅਤੇ ਸੜਕੀ ਆਵਾਜਾਈ ਵਿਚ ਵਿਘਨ ਪਿਆ ਹੈ। ਜੰਮੂ-ਸ੍ਰੀਨਗਰ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ ਅਤੇ ਕਈ ਇਲਾਕਿਆਂ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਉੱਤਰਾਖੰਡ ਦੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ। ਕਈ ਮੁੱਖ ਸੜਕਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਸਥਾਨਕ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 


author

Tanu

Content Editor

Related News

News Hub