ਠੰਢ ਦਾ ਕਹਿਰ! ਪਹਾੜਾਂ ’ਤੇ ਬਰਫਬਾਰੀ, ਮੈਦਾਨੀ ਇਲਾਕੇ ਠਰੇ
Tuesday, Jan 07, 2025 - 12:27 AM (IST)
ਨਵੀਂ ਦਿੱਲੀ- ਪਹਾੜਾਂ ’ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਸ਼ਮੀਰ ਦੇ ਉੱਚਾਈ ਵਾਲੇ ਇਲਾਕੇ ਚਿੱਟੀ ਚਾਦਰ ਨਾਲ ਢੱਕੇ ਹੋਏ ਹਨ, ਜਿਸ ਕਾਰਨ ਉੱਤਰੀ ਭਾਰਤ ਦੇ ਸਾਰੇ ਰਾਜ ਕੜਾਕੇ ਦੀ ਠੰਢ ਮਹਿਸੂਸ ਕਰ ਰਹੇ ਹਨ।
ਕਸ਼ਮੀਰ ਵਾਦੀ ਵਿਚ ਭਾਰੀ ਬਰਫ਼ਬਾਰੀ ਕਾਰਨ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਬੰਦ ਪਈਆਂ ਉਡਾਣਾਂ ਦਾ ਸੰਚਾਲਨ ਸੋਮਵਾਰ ਨੂੰ ਮੁੜ ਸ਼ੁਰੂ ਹੋ ਗਿਆ। ਰਾਤ ਭਰ ਹੋਈ ਭਾਰੀ ਬਰਫ਼ਬਾਰੀ ਕਾਰਨ ਸੋਮਵਾਰ ਨੂੰ ਉਡਾਣਾਂ ਦੇਰ ਨਾਲ ਸ਼ੁਰੂ ਹੋਈਆਂ ਅਤੇ ਰਨਵੇਅ ਤੋਂ ਬਰਫ਼ ਹਟਾਉਣ ਲਈ ਕਰਮਚਾਰੀਆਂ ਅਤੇ ਮਸ਼ੀਨਾਂ ਦੀ ਮਦਦ ਲੈਣੀ ਪਈ।
ਕਸ਼ਮੀਰ ’ਚ ਉੱਚਾਈ ਵਾਲੇ ਕਈ ਇਲਾਕਿਆਂ ਵਿਚ ਕੱਲ ਤੋਂ ਹੀ ਤੇਜ਼ ਬਰਫਬਾਰੀ ਜਾਰੀ ਹੈ। ਬੜਗਾਮ, ਕੁਲਗਾਮ, ਬਾਂਦੀਪੋਰਾ ਅਤੇ ਗੁਲਮਰਗ ਦੇ ਇਲਾਕੇ ਚਿੱਟੀ ਚਾਦਰ ਨਾਲ ਢਕੇ ਪਏ ਹਨ।
ਹਿਮਾਚਲ ਪ੍ਰਦੇਸ਼ ਤੇ ਰੋਹਤਾਂਗ, ਕੋਕਸਰ, ਕੇਲਾਂਗ ਸਮੇਤ ਕਈ ਰਿਹਾਇਸ਼ੀ ਇਲਾਕਿਆਂ ਵਿਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ ਜਿਸ ਨਾਲ ਕੜਾਕੇ ਦੀ ਠੰਢ ਦਾ ਅਸਰ ਵਧ ਗਿਆ ਹੈ। ਦੂਜੇ ਪਾਸੇ ਸੋਮਵਾਰ ਨੂੰ ਸਵੇੇਰ ਤੋਂ ਹੀ ਕੁੱਲ ਵਿਚ ਬਦਲ ਛਾਏ ਰਹੇ। ਸ਼ਾਮ ਨੂੰ ਰਾਜਧਾਨੀ ਸ਼ਿਮਲਾ ਵਿਚ ਵੀ ਮੌਸਮ ਖਰਾਬ ਰਿਹਾ। ਸ਼ਹਿਰ ਵਿਚ ਮੀਂਹ ਅਤੇ ਟੁੱਟੂ ਵਿਚ ਗੜੇ ਪਏ। ਮਨਾਲੀ ਤੋਂ ਦਾਰਚਾ, ਸਮੁਦੋ ਤੋਂ ਲੋਸਰ ਤੇ ਤਾਂਦੀ ਤੋਂ ਕਡੂ ਨਾਲਾ ਮਾਰਗ ਹਲਕੇ ਵਾਹਨਾਂ ਦੀ ਆਵਾਜਾਈ ਲਈ ਖੁੱਲ੍ਹੇ ਹਨ।