ਅਸੀਂ ਵਿਸ਼ਵ ਯੁੱਧ ਦੇ ਮੁਹਾਣੇ ’ਤੇ ਹਾਂ, ਭਗਵਾਨ ਬੁੱਧ ਵੱਲੋਂ ਵਿਖਾਇਆ ਮਾਰਗ ਹੀ ਇਕੋ-ਇਕ ਹੱਲ : ਗਡਕਰੀ
Thursday, Nov 21, 2024 - 10:34 PM (IST)

ਬੋਧਗਯਾ, (ਭਾਸ਼ਾ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਗਲੋਬਲ ਹਾਲਾਤ ਤੋਂ ਅਜਿਹਾ ਲੱਗਦਾ ਹੈ ਕਿ ਅਸੀਂ ਵਿਸ਼ਵ ਯੁੱਧ ਦੇ ਮੁਹਾਣੇ ’ਤੇ ਹਾਂ, ਇਸ ਲਈ ਭਗਵਾਨ ਬੁੱਧ ਵੱਲੋਂ ਵਿਖਾਇਆ ਗਿਆ ਸ਼ਾਂਤੀ ਦਾ ਮਾਰਗ ਹੀ ਸਥਿਰਤਾ ਦਾ ਇਕੋ-ਇਕ ਹੱਲ ਹੈ।
ਗਡਕਰੀ ਨੇ ਇਹ ਟਿੱਪਣੀ ਬਿਹਾਰ ਦੇ ਬੋਧਗਯਾ ਸਥਿਤ ਮਹਾਬੋਧੀ ਮੰਦਰ ’ਚ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਦਾ ਪ੍ਰਬੰਧਨ ਕਰਨ ਵਾਲੇ ਟਰੱਸਟ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਹ ਅਜਿਹਾ ਸਮਾਂ ਹੈ ਜਦੋਂ ਸਾਨੂੰ ਵਿਸ਼ਵ ਸ਼ਾਂਤੀ ਦੀ ਉਮੀਦ ਕਰਨੀ ਚਾਹੀਦੀ ਹੈ। ਭਗਵਾਨ ਗੌਤਮ ਬੁੱਧ ਸਾਨੂੰ ਪ੍ਰੇਰਿਤ ਕਰ ਸਕਦੇ ਹਨ।
ਭਾਜਪਾ ਦੇ ਸੀਨੀਅਰ ਨੇਤਾ ਨੇ ਬੁੱਧ ਦੇ ਸਿਧਾਂਤਾਂ ਨਾਲ ਆਪਣੇ ਲਗਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਾਗਪੁਰ ਉਹ ਸਥਾਨ ਹੈ, ਜਿੱਥੇ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਧਰਮ ਅਪਣਾਇਆ ਸੀ। ਨਾਗਪੁਰ ਗਡਕਰੀ ਦਾ ਗ੍ਰਹਿ ਨਗਰ ਅਤੇ ਲੋਕ ਸਭਾ ਹਲਕਾ ਹੈ।
ਭਾਜਪਾ ਦੇ ਸਾਬਕਾ ਪ੍ਰਧਾਨ ਨੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਅਤੇ ਅੰਬੇਡਕਰਵਾਦੀ ਬੋਧੀ ਸੁਲੇਖਾ ਕੁੰਭਾਰੇ ਨੂੰ ‘ਆਪਣੀ ਭੈਣ’ ਦੱਸਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਜੀਵਨ ’ਚ ਜੋ ਕੁਝ ਵੀ ਹਾਸਲ ਕਰ ਸਕੇ ਹਨ, ਉਹ ਭਗਵਾਨ ਬੁੱਧ ਦੇ ਆਸ਼ੀਰਵਾਦ ਸਦਕਾ ਹੈ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਇਹ ਵੀ ਦੱਸਿਆ ਕਿ ਅਸੀਂ ਬੁੱਧ ਸਰਕਟ ਦੇ ਹਿੱਸੇ ਵਜੋਂ 22,000 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਲੱਗਭਗ 1600 ਕਿਲੋਮੀਟਰ ਸੜਕ ਦਾ ਨਿਰਮਾਣ ਕਰ ਰਹੇ ਹਾਂ। 1100 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਅਗਲੇ ਸਾਲ ਦੇ ਸ਼ੁਰੂ ਤੱਕ 370 ਕਿਲੋਮੀਟਰ ਦਾ ਕੰਮ ਪੂਰਾ ਹੋ ਜਾਵੇਗਾ। ਬਾਕੀ 130 ਕਿਲੋਮੀਟਰ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ।